ਮਹਿੰਦਰ ਸਿੰਘ ‘ਦੋਸਾਂਝ’
ਇਨਸਾਨ ਦੀ ਜ਼ਿੰਦਗੀ ਵਿਚ ਸੁਖਾਵੀਆਂ ਤੇ ਦੁਖਦਾਈ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਮੇਰੀ ਜ਼ਿੰਦਗੀ ਵਿਚ ਲੰਘੀ 14 ਮਈ ਨੂੰ ਜਿਹੜੀ ਅਸਾਧਾਰਨ ਘਟਨਾ ਵਾਪਰੀ ਉਹ ਮੈਨੂੰ ਕਦੇ ਨਹੀਂ ਭੁੱਲੇਗੀ।
ਦੂਰ ਕਿਤੇ ਪਿੱਛੇ ਤੋਂ ਹਵਾ ਦੇ ਧੱਕੇ ਖਾਂਦਾ ਅੱਗ ਦਾ ਵਿਕਰਾਲ ਰਾਖਸ਼ ਇਲਾਕੇ ਦੀ ਖ਼ੂਬਸੂਰਤ ਲੀਲ੍ਹਾ ਨੂੰ ਭਸਮ ਕਰਦਾ ਹੋਇਆ ਮੇਰੇ ਖੇਤਾਂ ਵਿਚ ਵੀ ਆ ਵੜਿਆ ਪਰ ਜਦੋਂ ਮੈਂ ਆਪਣੇ ਖੇਤਾਂ ਵਿਚ ਆਇਆ ਤਾਂ ਅੱਗ ਅੱਗੇ ਲੰਘ ਗਈ ਸੀ ਤੇ ਮਨੁੱਖਤਾ ਦਾ ਪੇਟ ਭਰਨ ਵਾਲੀ ਧਰਤੀ ਮਾਤਾ ਮੈਨੂੰ ਗਰਮ ਕਾਲੀ ਰਾਖ਼ ਹੇਠ ਸਿਸਕੀਆਂ ਭਰਦੀ ਮਹਿਸੂਸ ਹੋਈ।
ਜਦੋਂ ਮੈਂ ਰੀਝ ਨਾਲ ਲਾਏ ਆਪਣੇ ਖ਼ੂਬਸੂਰਤ ਬਾਗ ਵਿਚ ਪ੍ਰਵੇਸ਼ ਕੀਤਾ ਤਾਂ ਮਨ ਨੂੰ ਸਖਤ ਧੱਕਾ ਲੱਗਾ। ਬੂਟਿਆਂ ਦੀ ਸੁਰੱਖਿਆ ਲਈ ਲਾਏ ਜਾਲ ਵਿਚੋਂ ਲੰਘ ਕੇ ਅੱਗ ਨੇ ਫਲਾਂ ਨਾਲ ਲੱਦੇ ਬੂਟੇ ਭਸਮ ਕਰ ਦਿੱਤੇ ਸਨ ਜਿਨ੍ਹਾਂ ਨੂੰ ਵੇਖ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ।
ਨਿੰਬੂ ਜਾਤੀ, ਲੀਚੀ ਅਤੇ ਐਵਾਕਾਡੂ (ਬਟਰ ਫਰੂਟ) ਦੇ ਅਨਗਿਣਤ ਨਿੱਕੇ ਨਿੱਕੇ ਫਲ ਰਾਖ਼ ਵਿਚ ਬਦਲ ਗਏ ਸਨ। ਫਲਾਂ ਨੂੰ ਬਚਾਉਣ ਵਾਲੇ ਹਰੇ ਖ਼ੂਬਸੂਰਤ ਪੱਤੇ ਖੁਦ ਸੜ ਗਏ ਸਨ।
ਅੰਬਾਂ ਦੇ ਜਵਾਨੀ ਵਲ ਨੂੰ ਵਧ ਰਹੇ ਫਲ ਅਤੇ ਆੜੂ ਤੇ ਆਲੂ ਬੁਖਾਰੇ ਦੇ ਤੁੜਾਈ ਤੇ ਗਏ ਫਲ ਬੂਟਿਆਂ ਸਮੇਤ ਕੇਵਲ ਬੀਤੇ ਦੀ ਯਾਦ ਬਣ ਕੇ ਰਹਿ ਗਏ ਸਨ। ਮੇਰੇ ਇਲਾਕੇ ਵਿਚ ਅੰਬਾਂ ਦੇ ਬੂਟੇ ਕਿਤੇ ਭਾਗਾਂ ਨਾਲ ਚਲਦੇ ਹਨ। ਦੋ ਨਿੱਕੇ ਨਿੱਕੇ ਅਲਫੈਂਸੋ ਕਿਸਮ ਦੇ ਅੰਬ ਮੇਰੇ ਬਾਗ ਵਿਚ ਚਲ ਪਏ ਸਨ ਤੇ ਮੈਂ ਰੋਜ਼ ਸਵੇਰੇ ਗੂੜ੍ਹੇ ਚਾਅ ਨਾਲ ਇਨ੍ਹਾਂ ਨੂੰ ਵੇਖਣ ਜਾਂਦਾ ਸਾਂ ਤੇ ਹੁਣ ਇਹ ਬੂਟੇ ਅੱਗ ਨੇ ਖਤਮ ਕਰ ਦਿੱਤੇ ਸਨ, ਨਵੇਂ ਲਾਏ ਪਪੀਤਿਆਂ ਦੇ ਨਿੱਕੇ ਨਿੱਕੇ ਬੂਟਿਆਂ ਦੀ ਪੂਰੀ ਲਾਈਨ ਹਮੇਸ਼ਾ ਲਈ ਅੱਖਾਂ ਮੀਟ ਚੁੱਕੀ ਸੀ।
ਬਾਗ ਵਿਚਲੇ ਇਕ ਹੋਰ ਦੁਖਾਂਤ ਨੇ ਮੇਰਾ ਸੀਨਾ ਵਿੰਨ੍ਹ ਦਿੱਤਾ ਤੇ ਇਹ ਘਟਨਾ ਪੰਛੀਆਂ ਨਾਲ ਸਬੰਧਤ ਹੈ। ਅਨੇਕਾਂ ਪੰਛੀ ਮੇਰੇ ਬਾਗ ਵਿਚ ਸੁਰੱਖਿਆ ਮਹਿਸੂਸ ਕਰਕੇ ਅਕਸਰ ਇਥੇ ਹੀ ਆਲ੍ਹਣੇ ਬਣਾ ਕੇ ਆਪਣੇ ਅੰਡੇ ਦਿੰਦੇ ਤੇ ਬੱਚੇ ਪਾਲਦੇ ਹਨ ਹੁਣ ਬਿਰਛਾਂ ਦੇ ਨਾਲ ਹੀ ਇਨ੍ਹਾਂ ਦੇ ਘਰ ਵੀ ਤਬਾਹ ਹੋ ਗਏ ਸਨ। ਟਟੀਰੀਆਂ ਤੇ ਤਿੱਤਰੀਆਂ ਕੇਵਲ ਧਰਤੀ ਉੱਪਰ ਹੀ ਪੱਤਪਰਾਲ ਵਿਚ ਅੰਡੇ ਦੇਣ ਤੇ ਬੱਚੇ ਪਾਲਣ ਦਾ ਕੰਮ ਕਰਦੀਆਂ ਹਨ ਤੇ ਮੇਰੇ ਬਾਗ ਵਿਚ ਇੱਕ ਤਿੱਤਰੀ ਨੇ ਅੰਡੇ ਦਿੱਤੇ ਹੋਏ ਸਨ ਤੇ ਇਕ ਟਟੀਰੀ ਦੇ ਬੱਚੇ ਇੱਕ ਦਿਨ ਪਹਿਲਾਂ ਆਪਣੀਆਂ ਚੁੰਝਾਂ ਖੋਲ੍ਹਕੇ ਭੋਜਨ ਲਈ ਆਪਣੀ ਮਾਂ ਦੀ ਉਡੀਕ ਕਰਦੇ ਮੈਂ ਵੇਖੇ ਪਰ ਅੱਜ ਗਰਮ ਕਾਲੀ ਰਾਖ਼ ਵਿਚ ਕਿਤੇ ਗੁਆਚ ਗਏ ਸਨ ਅਤੇ ਮੇਰੇ ਆਲੇ ਦੁਆਲੇ ਘੁਮੰਦੇ ਤੇ ਉਡਦੇ ਉਨ੍ਹਾਂ ਦੇ ਮਾਪੇ ਵਿਰਲਾਪ ਕਰ ਰਹੇ ਸਨ। ਉਨ੍ਹਾਂ ਦਾ ਰੁਦਨ ਤੇ ਵੇਦਨਾ ਸਹਿਣ ਜੋਗਾ ਮੇਰਾ ਮਨ ਨਹੀ ਸੀ। ਪੰਛੀ ਤੇ ਬਿਰਛ ਬੂਟੇ ਸਾਡੀ ਸ੍ਰਿਸ਼ਟੀ ਦਾ ਖ਼ੂਬਸੂਰਤ ਤੇ ਕਲਿਆਣਕਾਰੀ ਹਿੱਸਾ ਹਨ।
ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਤੇ ਮਿੱਟੀ ਵਿਚ ਕੰਮ ਕਰਨ ਵਾਲੇ ਵੱਖ ਵੱਖ ਕਿਸਮਾਂ ਦੇ ਨਿੱਕੇ ਨਿੱਕੇ ਕੀੜੇ ਜਿਨ੍ਹਾਂ ਨੂੰ ਮੈਂ ਆਪਣੇ ਫਾਰਮ ’ਤੇ ਮਾਰੂ ਰਸਾਇਣਾਂ ਤੇ ਕੁਦਰਤੀ ਆਫਤਾਂ ਤੋਂ ਸੁਰੱਖਿਆ ਦਿੱਤੀ ਹੋਈ ਸੀ, ਅੱਜ ਧਰਤੀ ਮਾਂ ਦੀ ਸੁਖਾਵੀਂ ਗੋਦ ਵਿਚ ਸੁਆਹ ਦਾ ਢੇਰ ਬਣ ਗਏ ਸਨ।
ਅਜਿਹਾ ਵਰਤਾਰਾ ਸਮਝ ਤੋਂ ਬਾਹਰ ਹੈ ਜਦ ਫਸਲ ਕੱਟ ਕੇ ਤੇ ਨਾੜ ਦੀ ਤੂੜੀ ਬਣਾ ਕੇ ਖੇਤ ਪੱਧਰੇ ਕਰ ਲਏ ਜਾਂਦੇ ਹਨ ਤਾਂ ਫੇਰ ਕਣਕ ਦੇ ਵੱਢਾਂ ਨੂੰ ਅੱਗ ਲਾਕੇ ਸ੍ਰਿਸ਼ਟੀ ਦੀ ਖ਼ੂਬਸੂਰਤ ਲੀਲ੍ਹਾ ਨੂੰ ਤਬਾਹ ਕਰਨ ਦੀ ਕੀ ਲੋੜ ਹੈ? ਮੈਂ ਆਪਣੇ ਖੇਤਾਂ ਵਿਚ ਕਦੇ ਅੱਗ ਨਹੀਂ ਲਾਈ ਤੇ ਅਗਲੀ ਫ਼ਸਲ ਦੀ ਬਿਜਾਈ ਲਵਾਈ ਲਈ ਮੈਨੂੰ ਕਦੇ ਕੋਈ ਦਿੱਕਤ ਨਹੀਂ ਆਈ।
ਕੁੱਝ ਚਲਾਕ ਕਿਸਾਨ ਤੇਜ਼ ਚੱਲਦੀ ਹਵਾ ਵਿਚ ਨੇੜੇ ਲੱਗੇ ਬਿਜਲੀ ਦੇ ਕਿਸੇ ਖੰਭੇ ਜਾਂ ਟਰਾਂਸਫਾਰਮਰ ਕੋਲ ਤੀਲ ਲਾਕੇ ਅਜਿਹਾ ਅਪਰਾਧ ਬਿਜਲੀ ਵਾਲਿਆਂ ਦੇ ਸਿਰ ਮੜ੍ਹ ਦਿੰਦੇ ਹਨ, ਹਾਲਾਂਕਿ ਮਈ ਦੇ ਅੱਧ ਵਿਚ ਇੱਕੋ ਸਮੇਂ ਪੰਜਾਬ ਵਿਚ ਥਾਂ ਥਾਂ ਲੱਗੀਆਂ ਅੱਗਾਂ ਸਵਾਲ ਖੜੇ ਕਰਦੀਆਂ ਹਨ?
ਅਸਲ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸੱਚ ਅਕਸਰ ਸਾਹਮਣੇ ਆ ਜਾਂਦਾ ਹੈ ਕਿਉਂਕਿ ਮੌਸਮ ਅਨੁਕੂਲ ਨਾ ਹੋਣ ਕਰਕੇ ਅੱਗ ਵਿਕਰਾਲ ਰੂਪ ਨਹੀਂ ਧਾਰਦੀ ਤੇ ਕਿਸਾਨਾਂ ਨੂੰ ਖੁਦ ਤੰਗਲੀਆਂ ਨਾਲ ਪਰਾਲੀ ਚੁੱਕ ਚੁੱਕ ਕੇ ਅੱਗ ਲਾਉਣੀ ਪੈਂਦੀ ਹੈ ਤੇ ਅੱਗ ਲਾਉਣ ਵਾਲਾ ਕਿਸਾਨ ਵੀ ਸੌਖੇ ਹੀ ਲੱਭ ਪੈਂਦਾ ਹੈ। ਕਣਕ ਦੇ ਨਾੜ ਨੂੰ ਇੱਕੋ ਕਿਸਾਨ ਪਰਦੇ ਨਾਲ ਇਕੋ ਥਾਂ ਅੱਗ ਲਾ ਕੇ ਕਈ ਕਈ ਮੀਲਾਂ ਤੱਕ ਤਬਾਹੀ ਮਚਾ ਦਿੰਦਾ ਹੈ ਤੇ ਦੂਰ ਦੂਰ ਤੱਕ ਪਿੰਡਾਂ ਵਿਚ ਬੈਠੇ ਬਹੁਤੇ ਤੇ ਆਮ ਕਿਸਾਨ ਏਸ ਢੰਗ ਨਾਲ ਲਾਈ ਅੱਗ ਦੀ ਉਡੀਕ ਕਰਦੇ ਰਹਿੰਦੇ ਹਨ।
ਹਾਲਾਂਕਿ ਅੱਗ ਲਾਉਣ ਵਾਲੇ ਤੇ ਅੱਗ ਦਾ ਸਵਾਗਤ ਕਰਨ ਵਾਲੇ ਕਿਸਾਨ ਇਹ ਨਹੀ ਜਾਣਦੇ ਕਿ ਅੱਗ ਦੀਆਂ ਲਾਟਾਂ ਤੇ ਧੂੰਏਂ ਰਾਹੀਂ ਉੱਪਰ ਚੜ੍ਹੇ ਏਅਰੋਸਲੋ, ਤੇਜ਼ਾਬ, ਕਾਰਬਨ ਤੇ ਹੋਰ ਮਾਰੂ ਗੈਸਾਂ ਆਸਮਾਨ ਵਿਚ ਜਾ ਕੇ ਸਦੀਆਂ ਵਾਸਤੇ ਸਥਿਰ ਹੋ ਜਾਂਦੀਆਂ ਹਨ ਤੇ ਗਰੀਨ ਹਾਊਸ ਪ੍ਰਭਾਵ ਦੀ ਤਹਿ ਨੂੰ ਖਤਰਨਾਕ ਹੱਦ ਤੱਕ ਮਜ਼ਬੂਤ ਕਰਦੀਆਂ ਹਨ। ਇਸ ਤਹਿ ਵਿੱਚੋਂ ਲੰਘ ਕੇ ਸੂਰਜ ਦੀਆਂ ਤੇਜ਼ ਪ੍ਰਾਬੈਂਗਣੀ ਕਿਰਨਾਂ ਧਰਤੀ ’ਤੇ ਭੰਡਾਰ ਹੋ ਕੇ ਗਰਮੀ ਵਿਚ ਬੇਤਹਾਸ਼ਾ ਵਾਧਾ ਕਰਦੀਆਂ ਹਨ। ਇਸ ਕਰਕੇ ਕੁਦਰਤ ਵਲੋਂ ਸਥਾਪਿਤ ਕੀਤਾ ਗਿਆ ਬਰਸਾਤਾਂ ਤੇ ਮੌਸਮਾਂ ਦਾ ਪ੍ਰਬੰਧ ਭੰਗ ਹੋ ਜਾਂਦਾ ਹੈ। ਨਦੀਆਂ, ਨਾਲਿਆਂ ਤੇ ਦਰਿਆਵਾਂ ਰਾਹੀਂ ਖੇਤਾਂ ਨੂੰ ਪਾਣੀ ਬਖਸ਼ਣ ਵਾਲੇ ਗਲੇਸ਼ੀਅਰ ਖੁਰ ਰਹੇ ਹਨ ਅਤੇ ਸਿਆਲ ’ਚ ਪਈ ਬਰਫ਼ ਦੇ ਕੱਚੇ ਪਹਾੜ ਮਈ ਵਿਚ ਇੱਕ ਦਮ ਗਰਮੀ ਵਧਣ ਨਾਲ ਟੁੱਟ ਕੇ ਡਿੱਗਣ ਲੱਗ ਪੈਂਦੇ ਹਨ। ਘਰ, ਕਾਰੋਬਾਰ, ਲੋਕ, ਸ਼ਹਿਰ, ਸੜਕਾਂ ਤੇ ਹੋਰ ਬਹੁਤ ਕੁਝ ਬਰਫ਼ ਦੇ ਪਹਾੜਾਂ ਹੇਠ ਦੱਬਿਆ ਜਾਂਦਾ ਹੈ। ਇਉਂ ਸਦੀਆਂ ਤੋਂ ਕੁਦਰਤ ਵਲੋਂ ਸਥਾਪਿਤ ਕਲਿਆਣਕਾਰੀ ਪ੍ਰਬੰਧ ਦੇ ਭੰਗ ਹੋਣ ਨਾਲ ਸਭ ਤੋਂ ਮਾੜਾ ਅਸਰ ਖੇਤੀ ਦੇ ਖੇਤਰ ਉੱਤੇ ਪਵੇਗਾ। ਅਜਿਹੀ ਅਵੱਸਥਾ ਵਿਚ ਸਾਡੀਆਂ ਔਰਤਾਂ ਤੇ ਲਵੇਰੀਆਂ ਨੂੰ ਗਰਭਧਾਰਨ ਵਿਚ ਮੁਸ਼ਕਿਲ ਆਵੇਗੀ, ਕੈਂਸਰ ਤੇ ਚਮੜੀ ਦੇ ਰੋਗਾਂ ਦਾ ਵਾਧਾ ਹੋਵੇਗਾ, ਬਿਰਛ ਬੂਟਿਆਂ ਨੂੰ ਫੁੱਲ ਤਾਂ ਪੈਣਗੇ ਪਰ ਫੁੱਲਾਂ ਵਿਚੋਂ ਫਲਾਂ ਦਾ ਜਨਮ ਨਹੀਂ ਹੋਵੇਗਾ ਅਤੇ ਫ਼ਸਲਾਂ ਦੇ ਸਿੱਟਿਆਂ ਦੀਆਂ ਕੁੱਖਾਂ ਵਿਚ ਦਾਣੇ ਨਹੀਂ ਨਿਮਣਗੇ।
ਦੇਸ਼ ਦੇ ਕੁਦਰਤੀ ਤੇ ਕਲਿਆਣਕਾਰੀ ਸਰੋਤਾਂ ਨੂੰ ਹੱਥੀਂ ਸਹੇੜੀਆਂ ਮਹਾਮਾਰੀਆਂ ਤੋਂ ਬਚਾਉਣਾ ਅੱਜ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ। ਵੋਟਾਂ ਲੈ ਕੇ ਸਰਕਾਰਾਂ ਬਣਾਉਣ ਤੇ ਚਲਾਉਣ ਵਾਲੇ ਰਾਜਨੀਤਕ ਲੋਕ ਤਾਂ ਬਿਆਨਬਾਜ਼ੀ ਤੋਂ ਬਗੈਰ ਠੋਸ ਅਮਲ ਦੀ ਕੋਈ ਫਲੀ ਨਹੀਂ ਭੰਨ ਸਕਣਗੇ ਪਰ ਚੰਗੇ ਲੋਕਾਂ ਦੀਆਂ ਕੁਝ ਕਰਮਸ਼ੀਲ ਸੰਸਥਾਵਾਂ ਇਨ੍ਹਾਂ ਆਫਤਾਂ ਨੂੰ ਨੱਥ ਪਾਉਣ ਲਈ ਜ਼ਰੂਰ ਤੜਫਦੀਆਂ ਹਨ ਪਰ ਉਨ੍ਹਾਂ ਕੋਲ ਅਧਿਕਾਰਾਂ ਦੀ ਤੇ ਸਮਰੱਥਾ ਦੀ ਘਾਟ ਹੈ।
ਅਜਿਹੇ ਵਰਤਾਰੇ ਵਿੱਚ ਹੀ ਦੇਸ਼ ਵਿਦੇਸ਼ ਵਿੱਚ ਥਾਂ ਥਾਂ ਪਾਠ ਤੇ ਕਰਵਾਉਣ ਤੇ ਸ਼ਰਧਾ ਨਾਲ ਸੁਣਨ ਦੀ ਰਵਾਇਤ ਲੰਮੇ ਸਮੇਂ ਤੋਂ ਪ੍ਰਚੱਲਤ ਹੈ। ਅਖੰਡ ਪਾਠਾਂ ਦੇ ਸ਼ੁਰੂ ਵਿੱਚ ਮਹਾਨ ਇਨਸਾਨ ਤੇ ਚਿੰਤਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸਲੋਕ ਹੈ ਜੋ ਕਲਿਆਣਕਾਰੀ ਕੁਦਰਤੀ ਸਰੋਤਾਂ ਦੇ ਮਹੱਤਵ ਨੂੰ ਸਮਰਪਿਤ ਹੈ, ਪੜਿ੍ਹਆ ਜਾਂਦਾ ਹੈ ਧਾਰਮਿਕ ਲਹਿਰਾਂ ਦੇ ਬਹੁਤੇ ਸੰਚਾਲਕ ਇਸ ਸਲੋਕ ਨੂੰ ਜਿਸ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਿਹਾ ਹੈ, ਰਸਮ ਪੂਰਤੀ ਲਈ ਪੜ੍ਹਦੇ ਤਾਂ ਜ਼ਰੂਰ ਹਨ ਪਰ ਇਸ ’ਤੇ ਅਮਲ ਕਰਨ ਦੀ ਕਦੇ ਲੋੜ ਮਹਿਸੂਸ ਨਹੀਂ ਕਰਦੇ।
ਅਜਿਹੇ ਹਾਲਾਤ ਵਿਚ ਉਪਰੋਕਤ ਸਲੋਕ ਦੇ ਸੱਚ ਨੂੰ ਮਹੱਤਵ ਦੇਣ ਲਈ ਹੁਣ ਕੇਵਲ ਤੇ ਕੇਵਲ ਧਾਰਮਿਕ ਤੇ ਕਲਿਆਣਕਾਰੀ ਸੰਸਥਾ ਸ੍ਰੀ ਅਕਾਲ ਤਖਤ ’ਤੇ ਹੀ ਟੇਕ ਰਹਿ ਗਈ ਹੈ ਤੇ ਮੇਰੇ ਸਮੇਤ ਚੰਗੇ ਲੋਕ ਉਡੀਕ ਕਰ ਰਹੇ ਹਨ ਕਿ ਇਸ ਜਗਤ ਜਲੰਦੇ ਦੀ ਸੁਰੱਖਿਆ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਜਾਰੀ ਹੋਵੇ ਜਿਸ ਨਾਲ ਕੁਦਰਤੀ ਦੀ ਖ਼ੂਬਸੂਰਤ ਲੀਲ੍ਹਾ ਦੀ ਸੁਰੱਖਿਆ ਦੇ ਨਾਲ ਸਰਬੱਤ ਦਾ ਭਲਾ ਵੀ ਹੋ ਸਕੇਗਾ।
ਸੰਪਰਕ: 94632-33991