ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਮਈ
ਹਵਾਰਾ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੁਧਿਆਣਾ ਹਲਕੇ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਚੋਣ ਰੈਲੀ ਦੌਰਾਨ ਉਸਦੇ ਦਾਦਾ ਬੇਅੰਤ ਸਿੰਘ ਦੇ ਕਾਤਲਾਂ (ਬੰਦੀ ਸਿੰਘਾਂ) ਨੂੰ ਰਿਹਾਅ ਨਾ ਕਰਨ ਦੇ ਐਲਾਨ ਨੂੰ ਬਹੁ-ਗਿਣਤੀ ਦੀਆਂ ਵੋਟਾਂ ਹਥਿਆਉਣ ਦੀ ਰਾਜਨੀਤੀ ਦੱਸਿਆ ਹੈ। ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਇਸ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਵਿਅਕਤੀ ਨਾਲ ਪੰਜ ਸਾਲ ਦੀ ਦੋਸਤੀ ਕਰ ਕੇ ਸੰਵਿਧਾਨ, ਕਾਨੂੰਨ, ਨਿਆਂਪਾਲਿਕਾ, ਸਿੱਖਾਂ ਦੇ ਜਜ਼ਬਾਤਾਂ ਅਤੇ ਇਨਸਾਫ਼ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਸਰਕਾਰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੋਟ ਰਾਜਨੀਤੀ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀ। ਹਵਾਰਾ ਕਮੇਟੀ ਨੇ ਡੇਰਾ ਮੁਖੀ ਨੂੰ ਚੋਣਾਂ ਤੋਂ ਪਹਿਲਾਂ ਕਤਲ ਕੇਸ ਵਿੱਚ ਬਰੀ ਕੀਤੇ ਜਾਣ ਨੂੰ ਭਾਜਪਾ ਵੱਲੋਂ ਡੇਰਾ ਸਿਰਸਾ ਦੀ ਵੋਟਾਂ ਹਥਿਆਉਣ ਦੀ ਰਾਜਨੀਤੀ ਦਾ ਹਿੱਸਾ ਦੱਸਿਆ। ਆਗੂਆਂ ਨੇ ਕਿਹਾ ਕਿ ਭਾਜਪਾ ਦਾ ਕਿਸਾਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।