ਕੰੰਨਿਆਕੁਮਾਰੀ, 29 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਰਵਾਰ ਤੋਂ ਇੱਥੇ ਵਿਵੇਕਾਨੰਦ ਰੌਕ ਮੈਮੋਰੀਅਲ ’ਤੇ 45 ਘੰਟਿਆਂ ਦੀ ਠਹਿਰ ਲਈ ਸੁਰੱਖਿਆ ਸਖਤ ਬੰਦੋਬਸਤ ਕੀਤੇ ਗਏ ਹਨ, ਜਿਸ ਦੌਰਾਨ ਉਹ ਇੱਥੇ ਧਿਆਨ ਸਾਧਨਾ ਕਰਨਗੇ। ਦੇਸ਼ ਦੇ ਧੁਰ ਦੱਖਣੀ ਕੰਢੇ ’ਤੇ ਸਥਿਤ ਇਸ ਜ਼ਿਲ੍ਹੇ ’ਚ ਸੁਰੱਖਿਆ ਲਈ 2000 ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੌਰਾਨ ਸਖਤ ਨਿਗਰਾਨੀ ਰੱਖਣਗੀਆਂ। ਦੂਜੇ ਪਾਸੇ ਤਾਮਿਲਨਾਡੂ ’ਚ ਸੱਤਾਧਾਰੀ ਡੀਐੱਮਕੇ ਨੇ ਮੌਜੂਦਾ ਸੈਲਾਨੀ ਸੀਜ਼ਨ ਤੋਂ ਇਲਾਵਾ ਲਾਗੂ ਚੋਣ ਜ਼ਾਬਤੇ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਦੇ ਅਧਿਆਤਮਕ ਦੌਰੇ ਦੀ ਆਗਿਆ ਦੇਣ ਖ਼ਿਲਾਫ਼ ਜ਼ਿਲ੍ਹਾ ਕੁਲੈਕਟਰ ਕੋਲ ਪਟੀਸ਼ਨ ਦਾਇਰ ਕੀਤੀ ਹੈ। ਇਸ ਸੀਜ਼ਨ ’ਚ ਇੱਥੇ ਘਰੇਲੂ ਤੇ ਵਿਦੇਸ਼ੀ ਸੈਲਾਨੀਆਂ ਦੀ ਚੋਖੀ ਆਮਦ ਦੇ ਆਸਾਰ ਹਨ। ਹਾਲਾਂਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਸੈਲਾਨੀਆਂ ਦੇ ਤੱਟ ’ਤੇ ਜਾਣ ਦੀ ਮਨਾਹੀ ਰਹੇਗੀ ਤੇ ਨਿੱਜੀ ਕਿਸ਼ਤੀਆਂ ਨੂੰ ਚਲਾਉਣ ਦੀ ਵੀ ਆਗਿਆ ਨਹੀਂ ਹੋਵੇਗੀ। ਭਾਜਪਾ ਦੇ ਆਗੂਆਂ ਨੇ ਦੱਸਿਆ ਕਿ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਪ੍ਰਧਾਨ ਮੰਤਰੀ ਮੋਦੀ 30 ਮਈ ਸ਼ਾਮ ਤੋਂ 1 ਜੂਨ ਤੱਕ ਇੱਥੇ ਰੌਕ ਮੈਮੋਰੀਅਲ ਦੇ ਧਿਆਨ ਮੰਡਪਮ ’ਚ ਧਿਆਨ ਸਾਧਨਾ ਕਰਨਗੇ। ਆਗੂਆਂ ਮੁਤਾਬਕ ਮੋਦੀ ਵੱਲੋਂ ਇੱਥੇ ਸ੍ਰੀ ਭਗਵਤੀ ਅੰਮਾਨ ਮੰਦਰ ਜਾਣ ਦੀ ਵੀ ਸੰਭਾਵਨਾ ਹੈ। ਉਹ 1 ਜੂੁਨ ਨੂੰ ਇੱਥੋਂ ਵਾਪਸ ਰਵਾਨਾ ਹੋਣਗੇ। -ਪੀਟੀਆਈ
ਮੋਦੀ ਦੇ ‘ਧਿਆਨ ਮੰਡਪਮ’ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਤੋਂ ਧਿਆਨ ਲਾਉਣ ਦਾ ਢਕਵੰਜ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਜਾ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੋਦੀ ਦੇ ਇਸ ਧਿਆਨ ਲਾਉਣ ਸਬੰਧੀ ਦੌਰੇ ਦੀ ਮੀਡੀਆ ਕਵਰੇਜ ਨਾ ਹੋਣੀ ਯਕੀਨੀ ਬਣਾਈ ਜਾਵੇ। ਕਾਂਗਰਸ ਨੇ ਦੋਸ਼ ਲਗਾਇਆ ਕਿ ਅਜਿਹਾ ਕਰ ਕੇ ਮੋਦੀ 48 ਘੰਟੇ ਪਹਿਲਾਂ ਬੰਦ ਹੋਣ ਵਾਲੇ ਪ੍ਰਚਾਰ ਸਬੰਧੀ ਨੇਮਾਂ ਦੀ ਉਲੰਘਣਾ ਕਰਨਗੇ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ, ਅਭਿਸ਼ੇਕ ਸਿੰਘਵੀ ਅਤੇ ਸਈਦ ਨਸੀਰ ਹੁਸੈਨ ਇਸ ਸਬੰਧੀ ਅੱਜ ਚੋਣ ਕਮਿਸ਼ਨ ਨੂੰ ਮਿਲੇ ਅਤੇ ਭਾਜਪਾ ’ਤੇ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਦਾਅਵਾ ਕੀਤਾ ਕਿ ਕੰਨਿਆਕੁਮਾਰੀ ਵਿੱਚ ‘ਧਿਆਨ ਮੰਡਪਮ’ ਵਿੱਚ ਮੋਦੀ ਦਾ ਧਿਆਨ ਲਾਉਣ ਸਬੰਧੀ ਇਹ ਪ੍ਰੋਗਰਾਮ ਸਪੱਸ਼ਟ ਤੌਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। -ਪੀਟੀਆਈ
ਮੋਦੀ ਦੀ ਧਿਆਨ ਸਾਧਨਾ ਟੀਵੀ ’ਤੇ ਦਿਖਾਈ ਤਾਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ: ਮਮਤਾ ਬੈਨਰਜੀ
ਬਰੂਈਪੁਰ (ਪੱਛਮੀ ਬੰਗਾਲ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੰਨਿਆਕੁਮਾਰੀ ’ਚ ਕੀਤੀ ਜਾਣ ਵਾਲੀ ਧਿਆਨ ਸਾਧਨਾ ਦਾ ਟੀਵੀ ’ਤੇ ਪ੍ਰਸਾਰਨ ਕੀਤਾ ਗਿਆ ਤਾਂ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ, ਜਿਸ ਖ਼ਿਲਾਫ਼ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ, ‘‘ਅਸੀਂ ਸ਼ਿਕਾਇਤ ਕਰਾਂਗੇ। ਉਹ ਸਾਧਨਾ ਕਰ ਸਕਦੇ ਹਨ ਪਰ ਇਹ ਟੀਵੀ ’ਤੇ ਨਹੀਂ ਦਿਖਾਈ ਜਾ ਸਕਦੀ। ਇਹ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ।’’ ਉਨ੍ਹਾਂ ਸਵਾਲ ਕੀਤਾ, ‘‘ਕੀ ਕਿਸੇ ਨੂੰ ਧਿਆਨ ਲਗਾਉਣ ਲਈ ਕੈਮਰੇ ਦੀ ਲੋੜ ਹੁੰਦੀ ਹੈੈੈ?’’ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਇਹ ਚੋਣ ਪ੍ਰਚਾਰ ਖਤਮ ਹੋਣ ਅਤੇ ਮਤਦਾਨ ਦੀ ਤਰੀਕ ਦੌਰਾਨ ਪ੍ਰਚਾਰ ਕਰਨ ਦਾ ਇੱਕ ਤਰੀਕਾ ਹੈ। -ਪੀਟੀਆਈ