ਰਾਜਕੋਟ, 29 ਮਈ
ਰਾਜਕੋਟ ਦੀ ਅਦਾਲਤ ਨੇ ਟੀਆਰਪੀ ਗੇਮ ਜ਼ੋਨ ਅਗਨੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਉਸ ਪਟੀਸ਼ਨ ’ਤੇ ਅੱਜ ਸਟੇਟਸ ਰਿਪੋਰਟ ਮੰਗ ਲਈ ਹੈ ਜਿਸ ਵਿੱਚ ਇਸ ਹਾਦਸੇ ਮਗਰੋਂ ਤਬਦੀਲ ਆਈਪੀਐੱਸ ਤੇ ਆਈਏਐੱਸ ਅਧਿਕਾਰੀਆਂ ਤੇ ਮੁਅੱਤਲ ਬਾਕੀ ਅਧਿਕਾਰੀਆਂ ਖ਼ਿਲਾਫ਼ ਫੌਜਦਾਰੀ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ‘ਅਪਰਾਧਕ ਜਾਂਚ ਪਟੀਸ਼ਨ’ ਵਿੱਚ ਰਾਜਕੋਟ ਦੇ ਪੁਲੀਸ ਕਮਿਸ਼ਨਰ ਰਾਜੂ ਭਾਰਗਵ, ਨਗਰ ਨਿਗਮ ਕਮਿਸ਼ਨਰ ਆਨੰਦ ਪਟੇਲ ਤੇ ਤਬਦੀਲ ਕੀਤੇ ਗਏ ਦੋ ਆਈਪੀਐੱਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। 25 ਮਈ ਦੀ ਘਟਨਾ ਮਗਰੋਂ ਮੁਅੱਤਲ ਕੀਤੇ ਗਏ ਨੌਂ ਅਧਿਕਾਰੀਆਂ ਖ਼ਿਲਾਫ਼ ਵੀ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਪਟੀਸ਼ਨਰ ਵਿਨੇਸ਼ ਬੱਤਰਾ ਦੇ ਵਕੀਲ ਰਾਜੇਸ਼ ਜਾਤੂ ਨੇ ਦੱਸਿਆ ਕਿ ਵਧੀਕ ਨਿਆਂਇਕ ਮੈਜਿਸਟਰੇਟ ਬੀ ਪੀ ਠਾਕੁਰ ਨੇ ਸਿਟ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਨ੍ਹਾਂ ਸਾਰੇ ਅਧਿਕਾਰੀਆਂ ਖ਼ਿਲਾਫ਼ ਜਾਂਚ ਦੀ ਸਟੇਟਸ ਰਿਪੋਰਟ 20 ਜੂਨ ਤੱਕ ਮੰਗੀ ਹੈ। -ਪੀਟੀਆਈ
ਮ੍ਰਿਤਕਾਂ ਦੀ ਡੀਐੱਨਏ ਨਮੂਨਿਆਂ ਰਾਹੀਂ ਹੋਈ ਪਛਾਣ
ਅਹਿਮਦਾਬਾਦ: ਰਾਜਕੋਟ ਗੇਮ ਜ਼ੋਨ’ ਅਗਨੀ ਕਾਂਡ ਮਾਮਲੇ ’ਚ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁਖੀ ਸੁਭਾਸ਼ ਤ੍ਰਿਵੇਦੀ ਨੇ ਅੱਜ ਕਿਹਾ ਕਿ ਜਾਂਚ ’ਚ ਆਈਏਐੱਸ ਤੇ ਆਈਪੀਐੱਸ ਦੇ ਸੀਨੀਅਰ ਅਧਿਕਾਰੀਆਂ ਤੋਂ ਵੀ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਰਾਜਕੋਟ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੇ ਡੀਐੱਨਏ ਨਮੂਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੇਲ ਖਾ ਗਏ ਹਨ। ਇਸ ਹਾਦਸੇ ਵਿੱਚ 27 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ ਕੁੱਝ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਧਰ, ਰਾਜਕੋਟ ਦੇ ਪੁਲੀਸ ਡਿਪਟੀ ਕਮਿਸ਼ਨਰ (ਅਪਰਾਧ) ਪਾਰਥਰਾਜ ਸਿੰਘ ਗੋਹਿਲ ਨੇ ਦੱਸਿਆ ਕਿ ਗੇਮ ਜ਼ੋਨ ਚਲਾਉਣ ਵਾਲੇ ਰੇਸਵੇਅ ਇੰਟਰਪ੍ਰਾਈਜ਼ਿਜ਼ ਦੇ ਹਿੱਸੇਦਾਰ ਕਿਰਿਤ ਸਿੰਘ ਜਡੇਜਾ ਨੂੰ ਬੀਤੀ ਰਾਤ ਰਾਜਕੋਟ-ਕਲਾਵੜ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ’ਚੋਂ ਪੰਜ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਇੱਕ ਦੀ ਹਾਦਸੇ ਵਿੱਚ ਹੀ ਮੌਤ ਹੋ ਗਈ ਸੀ। ਉਧਰ ਰਾਜਕੋਟ ਅਗਨੀ ਕਾਂਡ ਤੋਂ ਬਾਅਦ ਗੁਜਰਾਤ ਪੁਲੀਸ ਨੇ ਇਜਾਜ਼ਤ ਤੋਂ ਬਿਨਾ ਚਲਾਏ ਜਾਂਦੇ 18 ਗੇਮ ਜ਼ੋਨ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ