ਭਗਵਾਨ ਦਾਸ ਸੰਦਲ
ਦਸੂਹਾ, 29 ਮਈ
ਇੱਥੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੀ ਉਮੀਦਵਾਰ ਯਾਮਿਨੀ ਗੋਮਰ ਵੱਲੋਂ ਦਸੂਹਾ ਦੇ ਵੱਖ-ਵੱਖ ਪਿੰਡਾਂ ’ਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪਿੰਡ ਹਿੰਮਤਪੁਰ ਵਿੱਚ ਸਾਬਕਾ ਵਿਧਾਇਕ ਅਰੁਣ ਡੋਗਰਾ ਤੇ ਯੂਥ ਆਗੂ ਸਾਬੀ ਟੇਰਕਿਆਣਾ ਦੀ ਅਗਵਾਈ ਹੇਠ ਕਰਵਾਏ ਇੱਕ ਚੋਣ ਜਲਸੇ ਵਿੱਚ ਯਾਮਿਨੀ ਗੋਮਰ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਭਾਈਚਾਰੇ ’ਚ ਵੰਡੀਆਂ ਪਾ ਕੇ ਵੋਟ ਰਾਜਨੀਤੀ ਕਰਨ ਵਾਲੀ ਭਾਜਪਾ ਨੂੰ ਮੂੰਹ ਨਾ ਲਾਉਣ ਸਗੋਂ ਆਪਣੀ ਅਮੀਰ ਵਿਰਾਸਤ ਦੀ ਰਾਖੀ ਕਰਦਿਆਂ ਸਦੀਆਂ ਤੋਂ ਕਾਇਮ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਆਪਸੀ ਪ੍ਰੇਮ ਭਾਈਚਾਰੇ ਦਾ ਪ੍ਰਤੀਕ ਹੈ, ਜਦਕਿ ਭਾਜਪਾ ਦੇਸ਼ ’ਚ ਨਫਰਤ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਬਦਲਾਅ ’ਤੇ ਨਾਂ ’ਤੇ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਤਲਵਾੜਾ (ਦੀਪਕ ਠਾਕੁਰ): ਸਥਾਨਕ ਬਲਾਕ ਕਾਂਗਰਸ ਕਮੇਟੀ ਵੱਲੋਂ ਪਾਰਟੀ ਉਮੀਦਵਾਰ ਯਾਮਿਨੀ ਗੋਮਰ ਦੇ ਹੱਕ ’ਚ ਸ਼ਹਿਰ ਵਿੱਚ ਪੈਦਲ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਸ਼ਹਿਰੀ ਪ੍ਰਧਾਨ ਬੋਧਰਾਜ ਅਤੇ ਐੱਮਸੀ ਦੀਪਕ ਅਰੋੜਾ ਨੇ ਕੀਤੀ ਜਦਕਿ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਤੇ ਯਾਮਿਨੀ ਗੋਮਰ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਦੁਕਾਨਦਾਰਾਂ ਤੋਂ ਸਮਰਥਨ ਮੰਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਯਾਮਿਨੀ ਗੋਮਰ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਨੇ ਇੱਕ ਵੀ ਮਹਿਲਾ ਨੂੰ ਟਿਕਟ ਨਾ ਕੇ ਆਪਣੀ ਔਰਤ ਵਿਰੋਧੀ ਮਾਨਸਿਕਤਾ ਨੂੰ ਜੱਗ ਜ਼ਾਹਿਰ ਕੀਤਾ ਹੈ। ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਲੋਕ ਸਭਾ ਸੀਟ ਭਾਜਪਾ ਕੋਲ ਹੋਣ ਦੇ ਬਾਵਜੂਦ ਕੰਢੀ ਖ਼ੇਤਰ ਅਤੇ ਹੁਸ਼ਿਆਰਪੁਰ ਦਾ ਵਿਕਾਸ ਨਾ ਕਰਵਾਉਣ ਦੇ ਦੋਸ਼ ਲਗਾਏ। ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਨੇ 2024 ਦੀਆਂ ਚੋਣਾਂ ਨੂੰ ਦੋ ਵਿਚਾਰਧਾਰਾਵਾਂ ਦੀ ਜੰਗ ਦੱਸਿਆ। ਇਸ ਮੌਕੇ ਸਰਪੰਚ ਨਵਲ ਮਹਿਤਾ, ਐੱਮਸੀ ਮੁਨੀਸ਼ ਚੱਡਾ, ਵਿਕਾਸ ਗੋਗਾ ਅਤੇ ਸ਼ੈਲੀ ਆਨੰਦ, ਤਰਨਜੀਤ ਬੌਬੀ ਤੇ ਰਾਹੁਲ ਸ਼ਰਮਾ ਸ਼ਾਮਲ ਸਨ।