ਗੁਰਿੰਦਰ ਸਿੰਘ
ਲੁਧਿਆਣਾ, 29 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਦੀ ਮੁੱਲਾਂਪੁਰ ਰੈਲੀ ਦਾ ਵਿਰੋਧ ਕਰ ਰਹੇ ਦੰਗਾ ਪੀੜਤ ਪਰਿਵਾਰਾਂ ਦੀ ਪੁਲੀਸ ਨਾਲ ਹੋਈ ਧੱਕਾਮੁੱਕੀ ਦੌਰਾਨ ਇੱਕ ਨੌਜਵਾਨ ਬੇਹੋਸ਼ ਹੋ ਗਿਆ ਜਦਕਿ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਹਾਲਤ ਵੀ ਵਿਗੜ ਗਈ। ਇਸ ਦੌਰਾਨ ਪੁਲੀਸ ਨੇ ਘੇਰਾ ਪਾ ਪੀੜਤ ਪਰਿਵਾਰਾਂ ਨੂੰ ਬੱਦੋਵਾਲ ਨੇੜੇ ਰੋਕ ਕੇ ਹਿਰਾਸਤ ਵਿੱਚ ਲੈ ਲਿਆ।
ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਦੀ ਅਗਵਾਈ ਹੇਠ ਪੀੜਤ ਪਰਿਵਾਰ ਸਵੇਰੇ ਸੀਆਰਪੀਐੱਫ਼ ਕਲੋਨੀ ਦੁੱਗਰੀ ਵਿੱਚ ਇਕੱਠੇ ਹੋਏ। ਜਦੋਂ ਉਹ ਮੁੱਲਾਂਪੁਰ ਲਈ ਰਵਾਨਾ ਹੋਣ ਲੱਗੇ ਤਾਂ ਦੁੱਗਰੀ ਥਾਣੇ ਦੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਕੇ ਘੇਰਾ ਪਾ ਲਿਆ। ਉਹ ਪੁਲੀਸ ਦਾ ਘੇਰਾ ਤੋੜ ਕੇ ਬੱਸਾਂ ਰਾਹੀਂ ਮੁੱਲਾਂਪੁਰ ਰਵਾਨਾ ਹੋ ਗਏ। ਮਗਰੋਂ ਪੁਲੀਸ ਨੇ ਬੱਦੋਵਾਲ ਨੇੜੇ ਨਾਕੇ ਦੌਰਾਨ ਉਨ੍ਹਾਂ ਨੂੰ ਰੋਕ ਲਿਆ ਤਾਂ ਵਰਕਰਾਂ ਨੇ ਸੜਕ ਵਿਚਕਾਰ ਦਰੀਆਂ ਵਿਛਾ ਕੇ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਆਵਾਜਾਈ ਠੱਪ ਹੋ ਗਈ।
ਇਸ ਦੌਰਾਨ ਮੁੱਲਾਂਪੁਰ ਅਤੇ ਲੁਧਿਆਣਾ ਤੋਂ ਪੁੱਜੀ ਪੁਲੀਸ ਨੇ ਉਨ੍ਹਾਂ ਨੂੰ ਜਬਰੀ ਧਰਨੇ ਤੋਂ ਉਠਾਉਣਾ ਸ਼ੁਰੁੂ ਕਰ ਦਿੱਤਾ ਜਿਸ ਨਾਲ ਤਣਾਅ ਪੈਦਾ ਹੋ ਗਿਆ। ਪੁਲੀਸ ਨਾਲ ਧੱਕਾਮੁੱਕੀ ਦੌਰਾਨ ਨੌਜਵਾਨ ਹਨੀ ਬੇਹੋਸ਼ ਹੋ ਗਿਆ। ਇਸ ਮਗਰੋਂ ਭੜਕੇ ਲੋਕਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਧੁੱਪ ਕਾਰਨ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਤਬੀਅਤ ਵਿਗੜ ਗਈ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੇ ਇਸ਼ਾਰੇ ’ਤੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਲਈ ਉਹ ਮੁੱਲਾਂਪੁਰ ਦੀ ਰੈਲੀ ਵਿੱਚ ਉਸ ਦਾ ਸ਼ਾਂਤਮਈ ਘਿਰਾਓ ਕਰਨ ਲਈ ਜਾ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਮੌਕੇ ਦਲਜੀਤ ਸਿੰਘ ਸੋਨੀ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਧਰਮਿੰਦਰ ਸਿੰਘ, ਦਰਸ਼ਨ ਸਿੰਘ, ਚਮਨ ਸਿੰਘ, ਸਰਦੂਲ ਸਿੰਘ, ਗੁਰਦੇਵ ਕੌਰ ਹਾਜ਼ਰ ਸਨ।