ਖੇਤਰੀ ਪ੍ਰਤੀਨਿਧ
ਪਟਿਆਲਾ , 29 ਮਈ
ਆਯੁਰਵੈਦਿਕ ਵਿਭਾਗ ਸਮੇਤ ਇਕ ਦਰਜਨ ਵਿਭਾਗਾਂ ਦੇ ਮੁਲਾਜ਼ਮ ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ। ਇਸ ਕਾਰਨ ਆਯੁਰਵੈਦਿਕ ਕਾਲਜ/ਹਸਪਤਾਲ ਅਤੇ ਫਾਰਮੇਸੀ ਦੇ ਦਰਜਾ ਤਿੰਨ, ਚਾਰ ਅਤੇ ਟੈਕਨੀਕਲ ਕਰਮਚਾਰੀ 27 ਕਈ ਤੋਂ ਕੰਮ ਛੋੜ ਹੜਤਾਲ ’ਤੇ ਹਨ ਤੇ ਪੜਾਅਵਾਰ ਰੈਲੀਆਂ ਕਰ ਰਹੇ ਹਨ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਸਮੇਤ ਹੋਰ ਜਥੇਬੰਦੀਆ ਦੀ ਹਮਾਇਤ ਪ੍ਰਾਪਤ ਇਨ੍ਹਾਂ ਮੁਲਾਜ਼ਮਾਂ ਨੇ ਅੱਜ ਵੀ ਸ਼ਹਿਰ ’ਚ ਰੋਸ ਮਾਰਚ ਕੀਤਾ।
ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਇੱਥੇ ਆਯੂਰਵੈਦਿਕ ਹਸਪਤਾਲ ਕੰਪਲੈਕਸ ਵਿੱਚ ਮੁਲਾਜ਼ਮਾਂ ਵੱਲੋਂ ਰੈਲੀ ਕਰਨ ਮਗਰੋਂ ਸ਼ੇਰੇ ਪੰਜਾਬ ਕੱਪੜਾ ਮਾਰਕੀਟ ਤੱਕ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ‘ਆਪ’ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਨਖਾਹਾਂ ਪੁਰਾਣੇ ਸਿਸਟਮ ਅਨੁਸਾਰ ਜ਼ਿਲ੍ਹਾ ਖਜ਼ਾਨਾ ਦਫਤਰ ਤੋਂ ਜਾਰੀ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸੇ ਕੜੀ ਵਜੋਂ 30 ਮਈ ਨੂੰ ਮੁੜ ਰੋਸ ਰੈਲੀ ਅਤੇ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਸਵਰਣ ਸਿੰਘ ਬੰਗਾ, ਕਮਲਜੀਤ ਸਿੰਘ, ਲਖਵੀਰ ਸਿੰਘ, ਨਵਨੀਤ ਸਿੰਗਲਾ, ਸਰਬਜੀਤ ਸਿੰਘ, ਰਾਮ ਪ੍ਰਸਾਦ ਸਹੋਤਾ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਰਾਕੇਸ਼ ਗੋਲੂ, ਸ਼ਿਵ ਚਰਨ, ਇੰਦਰਪਾਲ, ਪ੍ਰਕਾਸ਼ ਲੁਬਾਣਾ, ਲਖਵੀਰ ਲੱਕੀ, ਤਾਰਾ ਦੱਤ, ਸੁਖਦੇਵ ਝੰਡੀ, ਟੇਕ ਸਿੰਘ, ਕਰਮਜੀਤ ਟਿੱਕਾ ਤੇ ਜਗਤਾਰ ਬਾਬਾ ਆਦਿ ਮੁਲਾਜ਼ਮ ਆਗੂ ਵੀ ਹਾਜ਼ਰ ਸਨ।