ਦੇਵਿੰਦਰ ਸਿੰਘ ਜੱਗੀ
ਪਾਇਲ, 29 ਮਈ
ਨੇੜਲੇ ਪਿੰਡ ਜੱਲ੍ਹਾ ਵਿੱਚ ਅੱਜ ਸ਼ਾਮ ਵੇਲੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਸਿੰਘ ਜੱਲ੍ਹਾ ਦੀ ਅਗਵਾਈ ਵਿੱਚ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਦੇ ਹੱਕ ਵਿਚ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਕੁਲਵੰਤ ਸਿੰਘ ਮਹਿਤੋ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਦੇਸ਼ ਦੀ ਤਕਦੀਰ ਦਾ ਫੈਸਲਾ ਕਰਨਾ ਹੈ ਅਤੇ ਨਫ਼ਰਤ ਦਾ ਖਾਤਮਾ ਤੇ ਪਿਆਰ ਦਾ ਪੈਗਾਮ ਦੇਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੁੰਦਰੋਂ ਡੂੰਘੇ ਜਜ਼ਬੇ ਤੇ ਅਰਥਾਂ ਵਾਲੀ ਇਸ ਧਰਤੀ ਦੇ ਬੂਹੇ ਹਰ ਵਰਗ ਲਈ ਖੁੱਲ੍ਹੇ ਹਨ ਤੇ ਇੱਥੇ ਰਹਿੰਦਾ ਹਰ ਵਿਅਕਤੀ ਮਰਜ਼ੀ ਨਾਲ ਜੀਵਨ ਜੀ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਾਸੀ ਇਸ ਧਰਤੀ ਦਾ ਸੱਭਿਆਚਾਰ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਬਹੁਜਨ ਸਮਾਜ ਪਾਰਟੀ ਨੂੰ ਵੋਟ ਦੇ ਕੇ ਕਾਮਯਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਪਾਇਲ ਵਿਚ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੂਬਾ ਜਨਰਲ ਸਕੱਤਰ ਪੰਜਾਬ ਡਾ. ਜਸਪ੍ਰੀਤ ਸਿੰਘ ਬੀਜਾ ਨੇ ਕਿਹਾ ਕਿ ਭੈਣ ਮਾਇਆਵਤੀ ਦੀ ਰੈਲੀ ਤੋਂ ਬਾਅਦ ਬਸਪਾ ਵਰਕਰਾਂ ਵਿਚ ਚੇਤਨਾ ਪੈਦਾ ਹੋਈ ਹੈ।