ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਮਈ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਲੋਕ ਸਭਾ ਚੋਣਾਂ-2024 ਲਈ ਬਿਰਧ ਅਤੇ ਦਿਵਿਆਂਗ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਲਈ ਮੁਹੱਈਆ ਕਰਵਾਈ ਸਹੂਲਤ ਦਾ ਮੁਹਾਲੀ ਦੇ ਵਸਨੀਕਾਂ ਨੂੰ ਲਾਭ ਨਹੀਂ ਮਿਲ ਰਿਹਾ। ਇਸ ਬਾਰੇ ਸ਼੍ਰੋਮਣੀ ਸਾਹਿਤਕਾਰ ਰਿਪੁਦਮਨ ਸਿੰਘ ਰੂਪ (90) ਅਤੇ ਉਨ੍ਹਾਂ ਦੀ ਪਤਨੀ ਸਤਪਾਲ ਕੌਰ (85) ਨੇ ਦੱਸਿਆ ਕਿ ਉਹ ਫੇਜ਼-10, ਮੁਹਾਲੀ ਵਿੱਚ ਰਹਿੰਦੇ ਹਨ ਅਤੇ ਚੱਲਣ-ਫਿਰਨ ਤੋਂ ਅਸਮਰਥ ਹਨ। ਰਿਪੁਦਮਨ ਸਿੰਘ ਰੂਪ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਵੋਟ 27 ਮਈ ਨੂੰ ਘਰ ਆ ਕੇ ਪੁਆਈ ਜਾਵੇਗੀ ਪਰ ਉਸ ਦਿਨ ਵੀ ਕੋਈ ਵੋਟ ਪੁਆਉਣ ਨਹੀਂ ਆਇਆ। ਫਿਰ ਉਨ੍ਹਾਂ ਨੂੰ 28 ਮਈ ਜਾਂ 29 ਮਈ ਨੂੰ ਵੋਟ ਪਾਉਣ ਦਾ ਭਰੋਸਾ ਦਿੱਤਾ ਗਿਆ ਪਰ ਕੋਈ ਕਰਮਚਾਰੀ ਨਹੀਂ ਆਇਆ। ਅੱਜ 30 ਮਈ ਘਰ ਤੋਂ ਵੋਟ ਪਾਉਣ ਦੀ ਸੁਵਿਧਾ ਦਾ ਆਖਰੀ ਦਿਨ ਹੈ ਪਰ ਬੀਐੱਲਓ ਜਾਂ ਕੋਈ ਹੋਰ ਕਰਮਚਾਰੀ ਨਹੀਂ ਆਇਆ। ਇਸ ਸਬੰਧੀ ਬੀਐੱਲਓ ਮਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਿਪੁਦਮਨ ਸਿੰਘ ਰੂਪ ਅਤੇ ਉਨ੍ਹਾਂ ਦੀ ਪਤਨੀ ਦੇ ਫਾਰਮ ਭਰ ਕੇ ਐੱਸਡੀਐੱਮ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ। ਬੀਐੱਲਓ ਨੇ ਐੱਸਡੀਐੱਮ ਦਫ਼ਤਰ ਦੇ ਹਵਾਲੇ ਨਾਲ ਦੱਸਿਆ ਕਿ ਪਿੱਛੋਂ ਸਿਰਫ਼ 53 ਫਾਰਮ (ਬੈਲਟ ਪੇਪਰ) ਹੀ ਆਏ ਸਨ। ਬੀਐੱਲਓ ਨੇ ਦੱਸਿਆ ਕਿ ਹੋ ਸਕਦਾ ਹੈ ਇਸ ਬਜ਼ੁਰਗ ਜੋੜੇ ਦੇ ਫਾਰਮ ਰੱਦ ਕਰ ਦਿੱਤੇ ਹੋਣ। ਇਸ ਬਾਰੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਹੈ।