ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 30 ਮਈ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇਸ਼ ਵਿੱਚੋਂ ਨਰਿੰਦਰ ਮੋਦੀ ਅਤੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦਾ ਸਫ਼ਾਇਆ ਕਰ ਦੇਣਗੀਆਂ। ਉਹ ਅੱਜ ਪਿੰਡ ਮਨੌਲੀ ਦੀ ਗਡਰੀਆ ਕਾਲੋਨੀ ਵਿੱਚ ਆਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕਲੋਨੀ ਵਾਸੀਆਂ ਵੱਲੋਂ ਸਿੱਧੂ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ’ਤੇ ਵੀ ਤਿੱਖੇ ਹਮਲੇ ਕੀਤੇ ਅਤੇ ਮੁਹਾਲੀ ਹਲਕੇ ਦਾ ਵਿਕਾਸ ਠੱਪ ਕਰਨ ਦਾ ਦੋਸ਼ ਲਾਇਆ। ਇਸ ਤੋਂ ਪਹਿਲਾਂ ਸਿੱਧੂ ਨੇ ਕਈਂ ਹੋਰਨਾਂ ਪਿੰਡਾਂ ਵਿੱਚ ਵੀ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਾਬਕਾ ਸਰਪੰਚ ਜ਼ੋਰਾ ਸਿੰਘ ਮਨੌਲੀ, ਮੇਜਰ ਸਿੰਘ, ਗਿਆਨੀ ਗੁਰਮੇਲ ਸਿੰਘ, ਜਤਿੰਦਰ ਸੂਦ, ਗੁਰਦੀਪ ਸਿੰਘ ਬਾਸੀ, ਹੰਸ ਰਾਜ, ਬਲਜਿੰਦਰ ਸਿੰਘ, ਜਸਪਾਲ ਰਾਮ, ਮਿੰਦਰ ਸਿੰਘ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਪ੍ਰਦੀਪ ਸ਼ਰਮਾ, ਅਸ਼ੋਕ ਕੁਮਾਰ, ਦਰਬਾਰਾ ਸਿੰਘ ਹਾਜ਼ਰ ਸਨ।
ਵਕੀਲਾਂ ਕੋਲੋਂ ਮੰਗਿਆ ਸਹਿਯੋਗ
ਵਿਜੈਇੰਦਰ ਸਿੰਗਲਾ ਨੇ ਅੱਜ ਮੁਹਾਲੀ ਵਿਖੇ ਵੱਖ-ਵੱਖ ਥਾਵਾਂ ਉੱਤੇ ਚੋਣ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਦੇ ਆਖਰੀ ਦਿਨ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਮੁਹਾਲੀ ਦੀਆਂ ਅਦਾਲਤਾਂ ਵਿੱਚ ਵਕੀਲਾਂ ਨਾਲ ਵੀ ਮੀਟਿੰਗ ਕੀਤੀ ਅਤੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟਾਂ ਪਾਏ ਜਾਣ ਦੀ ਅਪੀਲ ਕੀਤੀ। ਮਾਰਕੀਟਾਂ ਵਿੱਚ ਉਨ੍ਹਾਂ ਦੁਕਾਨਦਾਰਾਂ ਨੂੰ ਜੀਐਸਟੀ ਪ੍ਰਣਾਲੀ ਸਰਲ ਬਣਾਏ ਜਾਣ ਦਾ ਭਰੋਸਾ ਦਿਵਾਇਆ।