ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਈ
ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਕਿ ‘ਇੰਡੀਆ’ ਗਠਜੋੜ ਵੱਲੋਂ ਜਿੱਤ ਤੋਂ ਬਾਅਦ ਲੋਕ ਹਿੱਤ ਵਿੱਚ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਆਉਂਦੇ ਹੀ ਚੰਡੀਗੜ੍ਹ ਦੇ ਲੋਕਾਂ ਨੂੰ ਦਿੱਲੀ ਦੀ ਤਰਜ਼ ’ਤੇ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਤੇ 20,000 ਲਿਟਰ ਮੁਫ਼ਤ ਪਾਣੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪਿੰਡਾਂ ਤੇ ਕਲੋਨੀਆਂ ਦੇ ਵਿਕਾਸ ਨੂੰ ਲੈ ਠੋਸ ਰਣਨੀਤੀ ਤਿਆਰ ਕਰਕੇ ਕੰਮ ਕੀਤਾ ਜਾਵੇਗਾ।
ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦੀ ਹਾਰ ਦਾ ਖੁਲਾਸਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੇ ਚੰਡੀਗੜ੍ਹ ਵਿਚ ਹੋਣ ਵਾਲੀਆਂ ਆਪਣੀਆਂ ਚੋਣ ਪ੍ਰਚਾਰ ਸਬੰਧੀ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਚੰਡੀਗੜ੍ਹ ਵਿੱਚ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ, ਪਰ ਇਸ ਵਾਰ ਨਹੀਂ ਆਏ। ਤਿਵਾੜੀ ਨੇ ਭਾਜਪਾ ਨੇਤਾ ਪਿਊਸ਼ ਗੋਇਲ ਦੇ ਝੂਠ ਦੀ ਆਲੋਚਨਾ ਕੀਤੀ ਕਿ ਉਨ੍ਹਾਂ (ਤਿਵਾੜੀ) ਨੇ 2019 ਵਿੱਚ ਵੋਟ ਨਹੀਂ ਪਾਈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ 2019 ਵਿੱਚ ਵੋਟ ਪਾਈ ਸੀ ਅਤੇ ਹੁਣ ਵੀ ਵੋਟ ਜ਼ਰੂਰ ਪਾਉਣਗੇ।
‘ਇੰਡੀਆ’ ਗੱਠਜੋੜ ਦੇ ਉਮੀਦਵਾਰ ਨੇ ਕਿਹਾ ਕਿ ਭਾਜਪਾ ਦੀ 10 ਸਾਲਾਂ ਵਿੱਚ ਕਾਰਗੁਜ਼ਾਰੀ ‘ਜ਼ੀਰੋ’ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੱਬੀਆਂ ਪਾਰਟੀਆਂ ਨੇ ਅੱਜ ਮਨੀਸ਼ ਤਿਵਾੜੀ ਨੂੰ ਸਰਬਸੰਮਤੀ ਨਾਲ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਦੇ ਉਮੀਦਵਾਰ ਨੂੰ ਵੋਟ ਪਾਉਣ ਨੂੰ ਯਕੀਨੀ ਬਣਾਉਣ। ਇਸ ਸਮੇਂ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ, ਭਾਰਤੀ ਕਮਿਊਨਿਸਟ ਪਾਰਟੀ-ਐੱਮਐੱਲ (ਲਿਬਰੇਸ਼ਨ) ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀਆਂ ਨੇ ਤਿਵਾੜੀ ਦੀ ਹਮਾਇਤ ਕੀਤੀ ਹੈ।
ਤਿਵਾੜੀ ਦੀ ਹਮਾਇਤ ’ਚ ਚੰਡੀਗੜ੍ਹ ਪੁੱਜੇ ਬੱਬੂ ਮਾਨ
ਚੰਡੀਗੜ੍ਹ: ਚੰਡੀਗੜ੍ਹ ਤੋਂ ‘ਇੰਡੀਆ’ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਹਮਾਇਤ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਚੰਡੀਗੜ੍ਹ ਵਿਖੇ ਸ੍ਰੀ ਤਿਵਾੜੀ ਦੀ ਰਿਹਾਇਸ਼ ’ਤੇ ਪਹੁੰਚੇ। ਜਿਥੇ ਬੱਬੂ ਮਾਨ ਨੇ ਤਿਵਾੜੀ ਦੀ ਹਮਾਇਤ ਦਾ ਐਲਾਨ ਕੀਤਾ। ਬੱਬੂ ਮਾਨ ਨੇ ਕਿਹਾ ਕਿ ਉਹ ਰਾਜਨੀਤੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ, ਪਰ ਸ੍ਰੀ ਤਿਵਾੜੀ ਨਾਲ ਨੇੜਤਾ ਹੋਣ ਕਰਕੇ ਉਹ ਉਨ੍ਹਾਂ ਦੀ ਹਮਾਇਤ ਵਿੱਚ ਚੰਡੀਗੜ੍ਹ ਆਏ ਹਨ।