ਬੈਂਕਾਕ, 30 ਮਈ
ਭਾਰਤ ਦੇ ਸਚਿਨ ਸਿਵਾਚ (57 ਕਿਲੋ) ਅਤੇ ਸੰਜੀਤ ਕੁਮਾਰ (92 ਕਿਲੋ) ਅੱਜ ਇੱਥੇ ਮੁੱਕੇਬਾਜ਼ੀ ਵਿਸ਼ਵ ਕੁਆਲੀਫਾਇਰ ’ਚ ਆਪੋ-ਆਪਣੇ ਵਿਰੋਧੀਆਂ ’ਤੇ ਜਿੱਤ ਦਰਜ ਕਰ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਇੱਕ ਹੋਰ ਕਦਮ ਨੇੜੇ ਪਹੁੰਚ ਗਏ ਹਨ। ਸਚਿਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਤੁਰਕੀ ਦੇ ਓਲੰਪੀਅਨ ਬਟੂਹਾਨ ਸਿਫਤਸੀ ਨੂੰ 5-0 ਨਾਲ ਹਰਾਇਆ। ਸੰਜੀਤ ਨੇ ਵੀ ਰਾਊਂਡ ਆਫ 32 ’ਚ ਵੈਨੇਜ਼ੁਏਲਾ ਦੇ ਲੁਈਸ ਸਾਂਚੇਜ਼ ਨੂੰ ਇਸੇ ਫਰਕ ਨਾਲ ਮਾਤ ਦਿੱਤੀ। 57 ਕਿਲੋ ਭਾਰ ਵਰਗ ’ਚੋਂ ਸਿਰਫ਼ ਤਿੰਨ ਮੁੱਕੇਬਾਜ਼ ਹੀ ਓਲੰਪਿਕ ਵਿੱਚ ਥਾਂ ਬਣਾ ਸਕਣਗੇ ਇਸ ਲਈ ਪੈਰਿਸ ਖੇਡਾਂ ਲਈ ਕੁਆਲੀਫਾਈ ਕਰਨ ਵਾਸਤੇ ਸਚਿਨ ਨੂੰ ਦੋ ਹੋਰ ਮੈਚ ਜਿੱਤਣੇ ਪੈਣਗੇ। ਸੰਜੀਤ ਨੂੰ ਰਾਊਂਡ ਆਫ 64 ’ਚ ਬਾਈ ਮਿਲਿਆ ਸੀ ਅਤੇ ਹੁਣ ਉਸ ਨੂੰ ਵੀ ਦੋ ਹੋਰ ਮੁੱਕੇਬਾਜ਼ਾਂ ਨੂੰ ਹਰਾਉਣਾ ਪਵੇਗਾ। ਉਸ ਦੇ ਭਾਰ ਵਰਗ ’ਚ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਾਲੇ ਚਾਰੇ ਮੁੱਕੇਬਾਜ਼ਾਂ ਨੂੰ ਪੈਰਿਸ ਖੇਡਾਂ ਲਈ ਕੋਟਾ ਮਿਲੇਗਾ। -ਪੀਟੀਆਈ