ਪਵਨ ਗੋਇਲ
ਭੁੱਚੋ ਮੰਡੀ, 30 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭੁੱਚੋ ਪੁਲੀਸ ਨੇ ਡੀਐਸਪੀ ਹਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ। ਇਸ ਮੌਕੇ ਡੀਐਸਪੀ ਨੇ ਕਿਹਾ ਕਿ ਇਸ ਫਲੈਗ ਮਾਰਚ ਦਾ ਮੰਤਵ ਵੋਟਰਾਂ ਦੇ ਮਨਾਂ ਵਿੱਚ ਅਮਨ ਕਨੂੰਨ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕਣ। ਉਨ੍ਹਾਂ ਕਿਹਾ ਕਿ ਪੈਦਲ ਫਲੈਗ ਮਾਰਚ ਤੋਂ ਬਾਅਦ ਵਹੀਕਲਾਂ ਦੇ ਕਾਫ਼ਲੇ ਨਾਲ ਵੀ ਫਲੈਗ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਤੋਂ ਇਲਾਵਾ ਕਰਨਾਟਕਾ ਪੁਲੀਸ ਦੀ ਇੱਕ ਕੰਪਨੀ ਵੀ ਸੁਰੱਖਿਆ ਫੋਰਸਾਂ ਵਿੱਚ ਸ਼ਾਮਲ ਹੈ, ਜੋ ਇਸ ਸਮੇਂ ਫਲੈਗ ਮਾਰਚ ਵਿੱਚ ਮੌਜੂਦ ਹੈ। ਭੁੱਚੋ ਪੁਲੀਸ ਚੌਂਕੀ ਦੇ ਇੰਚਾਰਜ ਗੋਰਾ ਸਿੰਘ ਨੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਉਹ ਵੋਟਾਂ ਦੌਰਾਨ ਚੋਣ ਬੂਥਾਂ ’ਤੇ ਕੋਈ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰਨ। ਜੇਕਰ ਅਜਿਹਾ ਕੋਈ ਵੀ ਗੈਰ ਸਮਾਜੀ ਅਨਸਰ ਫੜ੍ਹਿਆ ਗਿਆ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।