ਜੰਮੂ, 30 ਮਈ
ਇਥੇ ਜੰਮੂ ਜ਼ਿਲ੍ਹੇ ’ਚ ਅੱਜ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ਡੂੰਘੀ ਖੱਡ ’ਚ ਡਿੱਗਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਤੇ 57 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਿ੍ਰਤਕਾਂ ਦੇ ਵਾਰਸਾਂ ਲਈ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਜੰਮੂ ਜ਼ਿਲ੍ਹੇ ’ਚ ਚੌਕੀ ਚੋਰਾ ਦੇ ਤੁੰਗੀ-ਮੋੜ ਨੇੜੇ ਵਾਪਰਿਆ ਜਿੱਥੇ ਇਹ ਬੱਸ 150 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਪੁਲੀਸ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ਜਿਸ ਦਾ ਨੰਬਰ ਯੂਪੀ81ਸੀਟੀ-4058 ਸੀ, ਬਾਅਦ ਦੁਪਹਿਰ 12.34 ਵਜੇ ਦੇ ਕਰੀਬ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ’ਚ 22 ਮੁਸਾਫਰਾਂ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖ਼ਮੀ ਹੋਏ ਹਨ। ਬੱਸ ਵਿੱਚ ਹਰਿਆਣਾ ਨਾਲ ਸਬੰਧਤ ਸ਼ਰਧਾਲੂ ਸਵਾਰ ਸਨ ਅਤੇ ਉਹ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਪੌਨੀ ਇਲਾਕੇ ’ਚ ਸ਼ਿਵ ਖੋੜ੍ਹੀ ਵੱਲ ਜਾ ਰਹੇ ਸਨ। ਇਨ੍ਹਾਂ ਆਪਣੀ ਯਾਤਰਾ ਉੱਤਰ ਪ੍ਰਦੇਸ਼ ਤੋਂ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਅਖਨੂਰ ਦੇ ਉੱਪ-ਜ਼ਿਲ੍ਹਾ ਹਸਪਤਾਲ ’ਚ ਰਖਵਾਈਆਂ ਗਈਆਂ ਹਨ ਜਦਕਿ ਸੱਤ ਜ਼ਖ਼ਮੀ ਅਖਨੂਰ ਦੇ ਹਸਪਤਾਲ ਤੇ 40 ਜ਼ਖ਼ਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਜ਼ਖ਼ਮੀਆਂ ਨੂੰ ਅਖਨੂਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਕਈਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜੰਮੂ ਰੈਫਰ ਕੀਤਾ ਗਿਆ ਹੈ। ਇੱਕ ਜ਼ਖ਼ਮੀ ਮੁਸਾਫਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਤਿੱਖੇ ਮੋੜ ’ਤੇ ਸਾਹਮਣਿਓਂ ਤੇਜ਼ ਰਫ਼ਤਾਰ ਕਾਰ ਆ ਗਈ, ਜਿਸ ਨੂੰ ਬਚਾਉਂਦਿਆਂ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। -ਪੀਟੀਆਈ