ਦਵਿੰਦਰ ਕੌਰ ਥਿੰਦ
ਦਸੰਬਰ ਮਹੀਨੇ ਸ਼ਾਮ ਦਾ ਵੇਲਾ ਸੀ। ਅਸੀਂ ਇਕੱਠੇ ਹੋਏ ਆਂਟੀ ਦੀ ਕੋਠੀ ਸਾਹਮਣੇ ਉਨ੍ਹਾਂ ਦੇ ਸਬਜ਼ੀ ਵਾਲੇ ਪਲਾਟ ਵਿੱਚ ਚੁੱਲ੍ਹੇ ਦੇ ਆਲੇ ਦੁਆਲੇ ਬੈਠੇ ਗਰਮ-ਗਰਮ ਸਾਗ ਨਾਲ ਮੱਕੀ ਦੀ ਰੋਟੀ ਖਾ ਰਹੇ ਸੀ। ਬਚਪਨ ਵਿੱਚ ਦਿੱਲੀ ਦੂਰਦਰਸ਼ਨ ’ਤੇ ਦੇਖਿਆ ਮਸ਼ਹੂਰ ਨਾਟਕ ‘ਸਾਂਝਾ ਚੁੱਲ੍ਹਾ’ ਯਾਦ ਆ ਰਿਹਾ ਸੀ ਜੋ ਮਸ਼ਹੂਰ ਨਾਟਕਕਾਰ ਬਲਵੰਤ ਗਾਰਗੀ ਦਾ ਲਿਖਿਆ ਹੋਇਆ ਸੀ। ਮੈਂ ਮਨ ਹੀ ਮਨ ਸੀਰੀਅਲ ਦਾ ਟਾਈਟਲ ਗੀਤ ‘ਸ਼ੁਕਰ ਏ ਰੱਬਾ ਸਾਂਝਾ ਚੁੱਲ੍ਹਾ ਬਲਿਆ’ ਗੁਣਗੁਣਾ ਰਹੀ ਸੀ। ‘ਸਾਂਝਾ ਚੁੱਲ੍ਹਾ’ ਨਾਟਕ ਵਿੱਚ ਵੀ ਆਂਢੀ-ਗੁਆਂਢੀ ਸਾਂਝੇ ਚੁੱਲੇ ’ਤੇ ਰੋਟੀ ਪਕਾ ਕੇ ਖਾਂਦੇ ਸਨ।
ਆਂਟੀ ਸਾਡੇ ਗੁਆਂਢੀ ਹਨ, ਖਾਣਾ ਬਹੁਤ ਸੁਆਦ ਬਣਾਉਂਦੇ ਹਨ; ਖਾਸ ਤੌਰ ’ਤੇ ਸੇਵੀਆਂ, ਦਲੀਆ, ਮੇਥੀ ਵਾਲੀਆਂ ਰੋਟੀਆਂ, ਕੂੰਡੇ ਦੀ ਚਟਣੀ, ਨਾਲ ਚਾਟੀ ਦੀ ਲੱਸੀ ਜਦੋਂ ਉਹ ਬਣਾਉਂਦੇ ਤਾਂ ਦੋ ਦੀ ਜਗ੍ਹਾ ਤਿੰਨ ਰੋਟੀਆਂ ਬਦੋਬਦੀ ਖਾਧੀਆਂ ਜਾਂਦੀਆਂ। ਰੋਟੀ ਖਵਾਉਣ ਦਾ ਵੀ ਉਨ੍ਹਾਂ ਦਾ ਆਪਣਾ ਤਰੀਕਾ ਹੈ। ਉਹ ਕੋਲ ਬਿਠਾ ਕੇ ਇੱਕ-ਇੱਕ ਰੋਟੀ ਤਵੇ ਤੋਂ ਉਤਾਰ ਕੇ ਖਵਾਉਂਦੇ ਹਨ। ਉਨ੍ਹਾਂ ਦਾ ਪੁੱਤਰ ਨੂੰਹ, ਪੋਤਾ ਅਤੇ ਪੋਤੀ ਕੈਨੇਡਾ ਜਾ ਵਸੇ ਸਨ। ਪਹਿਲਾਂ ਵੀ ਆਂਟੀ ਨੇ ਨੂੰਹ ਨੂੰ ਰਸੋਈ ਦਾ ਕੰਮ ਨਹੀਂ ਸੀ ਕਰਨ ਦਿੱਤਾ ਸਗੋਂ ਆਪ ਹੀ ਸਾਰਾ ਦਿਨ ਰਸੋਈ ਦੇ ਕੰਮ ਵਿੱਚ ਰੁੱਝੇ ਰਹਿੰਦੇ।
ਸਾਡੇ ਮੁਹੱਲੇ ਵਿੱਚ ਜ਼ਿਆਦਾਤਰ ਲੋਕ ਸਰਕਾਰੀ ਨੌਕਰੀ ਵਾਲੇ ਹਨ। ਕਈ ਵਾਰ ਜਦੋਂ ਮੈਂ ਤੇ ਮੇਰੇ ਪਤੀ ਨੇ ਸ਼ਾਮ ਨੂੰ ਡਿਊਟੀ ਤੋਂ ਆਉਣਾ, ਆਂਟੀ ਨੇ ਗੇਟ ’ਤੇ ਖੜ੍ਹ ਕੇ ਆਵਾਜ਼ਾਂ ਮਾਰਨ ਲੱਗ ਪੈਣਾ ਕਿ ਅੱਜ ਸਬਜ਼ੀ ਨਾ ਬਣਾਇਓ, ਮੈਂ ਸਾਗ ਬਣਾਇਆ ਹੈ। ਉਨ੍ਹਾਂ ਸਾਡੇ ਨਾਂਹ-ਨਾਂਹ ਕਹਿੰਦੇ ਹੋਏ ਵੀ ਸਾਨੂੰ ਧੱਕੇ ਨਾਲ ਆਪਣੇ ਘਰ ਲੈ ਜਾਣਾ। ਉਸ ਸ਼ਾਮ ਵੀ ਜਦੋਂ ਅਸੀਂ ਡਿਊਟੀ ਤੋਂ ਆਏ, ਉਹ ਸਾਨੂੰ ਆਪਣੇ ਨਾਲ ਹੀ ਘਰੇ ਲੈ ਗਏ। ਉਨ੍ਹਾਂ ਸਾਗ ਬਣਾਇਆ ਸੀ। ਸਾਡੇ ਜਾਣ ਤੋਂ ਪਹਿਲਾਂ ਹੀ ਨਾਲ ਲੱਗਦੇ ਦੋ ਗੁਆਂਢੀ ਘਰਾਂ ਦੇ ਜੀਅ ਵੀ ਅੰਦਰ ਬੈਠੇ ਸਨ। ਮੈਨੂੰ ਉਨ੍ਹਾਂ ਸਾਰਿਆਂ ਨੂੰ ਦੇਖ ਕੇ ਸ਼ਰਮ ਵੀ ਆਈ ਕਿ ਆਂਟੀ ਉਮਰ ਵਿੱਚ ਮੈਥੇ ਕਈ ਸਾਲ ਵੱਡੇ ਹੋਣ ਕਾਰਨ ਉਨ੍ਹਾਂ ਨੂੰ ਰੋਟੀ ਬਣਾ ਕੇ ਖਵਾਉਣੀ ਤਾਂ ਕੀ ਬਲਕਿ ਉਨ੍ਹਾਂ ਦੀ ਬਣੀ ਖਾ ਰਹੇ ਹਾਂ।
ਮੇਰੇ ਪਤੀ ਮੈਨੂੰ ਕਹਿਣ ਲੱਗੇ ਕਿ ਇਹ ਪਿਆਰ ਬਹੁਤ ਨਸੀਬ ਵਾਲਿਆਂ ਨੂੰ ਮਿਲਦਾ, ਇਵੇਂ ਨਹੀਂ ਸੋਚੀਦਾ। ਅੱਜ ਕੱਲ੍ਹ ਦੇ ਸਮੇਂ ਵਿੱਚ ਕੌਣ ਕਿਸੇ ਨੂੰ ਇੰਨਾ ਪਿਆਰ ਕਰਦਾ, ਨਾਲੇ ਉਹ ਸਾਡੇ ਵਿੱਚੋਂ ਆਪਣੇ ਬੱਚਿਆਂ ਨੂੰ ਦੇਖਦੀ ਹੈ।
ਆਂਟੀ ਨੇ ਚੁੱਲ੍ਹੇ ਕੋਲ ਸਾਗ ਰੱਖਿਆ ਹੋਇਆ ਸੀ ਤੇ ਉਹ ਮੱਕੀ ਦੀਆਂ ਰੋਟੀਆ ਪਕਾਉਣ ਲੱਗ ਪਏ। ਇੱਕ ਗੁਆਂਢਣ ਰੋਟੀਆਂ ਰਾੜ੍ਹਨ ਲੱਗ ਪਈ। ਮੈਂ ਉਠ ਕੇ ਜਦੋਂ ਉਨ੍ਹਾਂ ਨਾਲ ਕੰਮ ਕਰਵਾਉਣਾ ਚਾਹਿਆ ਤਾਂ ਉਹ ਕਹਿਣ ਲੱਗੇ, “ਤੂੰ ਤਾਂ ਮੇਰੀ ਅਫਸਰ ਨੂੰਹ ਏਂ, ਤੂੰ ਬੈਠ ਕੇ ਖਾਹ।”
ਉਨ੍ਹਾਂ ਪਲੇਟ ਵਿੱਚ ਸਾਗ ਵਾਲੀ ਕੌਲੀ ਵਿੱਚ ਮੱਖਣ ਪਾ ਕੇ ਅਤੇ ਨਾਲ ਗਰਮ-ਗਰਮ ਮੱਕੀ ਦੀ ਰੋਟੀ ਮੂਲੀਆਂ ਅਤੇ ਮਿਰਚ ਦੇ ਆਚਾਰ ਰੱਖ ਕੇ ਖਾਣ ਨੂੰ ਦਿੱਤੇ। ਫਿਰ ਆਪੇ ਕਹਿਣ ਲੱਗੇ, “ਤੁਸੀਂ ਮੈਨੂੰ ਆਪਣੇ ਨੂੰਹ ਪੁੱਤ ਵਰਗੇ ਲੱਗਦੇ ਓ। ਜਦੋਂ ਮੈਂ ਤੁਹਾਨੂੰ ਕੋਲ ਬਿਠਾ ਕੇ ਖਵਾਉਂਦੀ ਹਾਂ ਤਾਂ ਬਹੁਤ ਚੰਗਾ-ਚੰਗਾ ਲੱਗਦਾ।”
ਮੈਂ ਸੋਚ ਰਹੀ ਸੀ ਕਿ ਇਥੇ ਜਿ਼ਆਦਾਤਰ ਮਾਪੇ ਇਕੱਲੇ ਰਹਿੰਦੇ ਹਨ ਤੇ ਆਉਣ ਵਾਲਾ ਸਮਾਂ ਇਹੋ ਆਵੇਗਾ ਕਿ ਗੁਆਂਢੀ ਆਪਸ ਵਿੱਚ ਜੇ ਅਪਣੱਤ ਨਾਲ ਰਹਿਣ ਤਾਂ ਉਨ੍ਹਾਂ ਦਾ ਸਮਾਂ ਸੁਖਾਲਾ ਲੰਘ ਜਾਵੇਗਾ ਕਿਉਂਕਿ ਖੁਸ਼ੀ ਗਮੀ ਵੇਲੇ ਰਿਸ਼ਤੇਦਾਰ ਨਾਲੋਂ ਗੁਆਂਢੀ ਜ਼ਿਆਦਾ ਸਹਾਰਾ ਬਣਦੇ ਹਨ।
ਸੰਪਰਕ: 84278-33552