ਪਾਲ ਸਿੰਘ ਨੌਲੀ
ਜਲੰਧਰ, 30 ਮਈ
‘ਆਪ’ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਅੱਜ ਜਲੰਧਰ ਲੋਕ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਰੋਡ ਸ਼ੋਅ ਕੀਤੇ ਗਏ। ਇਸ ਦੌਰਾਨ ਪਵਨ ਕੁਮਾਰ ਟੀਨੂੰ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸ੍ਰੀ ਟੀਨੂੰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਬੰਦ ਕੀਤੇ ਟੌਲ ਪਲਾਜ਼ਿਆਂ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਟੌਲ ਪਲਾਜ਼ਿਆਂ ਦੇ ਸਮਝੌਤੇ ਖ਼ਤਮ ਹੋ ਹੋਣ ਤੋਂ ਬਾਅਦ ਵੀ ਹਿੱਸਾ ਪੱਤੀ ਤੈਅ ਕਰ ਕੇ ਉਨ੍ਹਾਂ ਨੂੰ ਚਾਲੂ ਰੱਖਣ ਦੀ ਪ੍ਰਵਾਨਗੀ ਦੇ ਦਿੰਦੀਆਂ ਸਨ। ਇਸ ਰੁਝਾਨ ਨੂੰ ਭਗਵੰਤ ਸਿੰਘ ਮਾਨ ਸਰਕਾਰ ਨੇ ਬੰਦ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ। ਇਹੋ ਕਾਰਨ ਹੈ ਕਿ ਕਈ ਆਗੂਆਂ ਨੂੰ ‘ਆਪ’ ਸਰਕਾਰ ਬਰਦਾਸ਼ਤ ਨਹੀਂ ਹੋ ਰਹੀ।
ਸ੍ਰੀ ਟੀਨੂੰ ਨੇ ਦੱਸਿਆ ਕਿ ਪੰਜਾਬ ਦੀ ਇਮਾਨਦਾਰ ਸਰਕਾਰ ਨੇ ਜੋ ਸਹੂਲਤਾਂ ਦਿੱਤੀਆਂ ਹਨ ਉਹ ਸਰਕਾਰੀ ਖ਼ਜਾਨਿਆਂ ਦੀਆਂ ਚੋਰ ਮੋਰੀਆਂ ਬੰਦ ਕਰ ਕੇ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪੈਸਾ ਪਹਿਲਾਂ ਵੱਡੇ ਘਰਾਣਿਆਂ ਕੋਲ ਜਾਂਦਾ ਸੀ ਤੇ ਹੁਣ ਗ਼ਰੀਬਾਂ ਨੂੰ ਸਹੂਲਤਾਂ ਦੇ ਰਿਹਾ ਹੈ।
‘ਜੇ ਭਾਜਪਾ ਸੱਤਾ ’ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰੇਗੀ’
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਦੀ ਅਗਵਾਈ ਵਿੱਚ ਮਲਸੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਭਗਵੰਤ ਮਾਨ ਸਰਕਾਰ ਨੇ ਹਰ ਵਰਗ ਦੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਉਸੇ ਤਰ੍ਹਾਂ ਪੰਜਾਬੀ ਇਨ੍ਹਾਂ ਚੋਣਾਂ ਵਿੱਚ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਵੀ ਜ਼ੀਰੋ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇ ਭਾਜਪਾ ਤੀਜੀ ਵਾਰ ਸੱਤਾ ਵਿਚ ਆ ਗਈ ਤਾਂ ਉਹ ਭਾਰਤੀ ਸੰਵਿਧਾਨ, ਲੋਕਤੰਤਰ ਅਤੇ ਰਾਖਵਾਂਕਰਨ ਨੂੰ ਖ਼ਤਮ ਕਰ ਦੇਵੇਗੀ। ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਕਿਹਾ ਕਿ 4 ਜੂਨ ਤੋਂ ਬਾਅਦ ਮਾਨ ਸਰਕਾਰ ਪੰਜਾਬ ਵਿਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਜਾ ਰਹੀ ਹੈ। ਔਰਤਾਂ ਨੂੰ ਰਕਮ ਦੇਣ ਦੇ ਨਾਲ-ਨਾਲ ਪੈਨਸ਼ਨਾਂ ਦੀ ਰਕਮ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ।