ਨਵੀਂ ਦਿੱਲੀ, 30 ਮਈ
ਦਿੱਲੀ ਦੀ ਇੱਕ ਮੈਟਰੋਪੋਲੀਟਨ ਅਦਾਲਤ ਨੇ ਵਿਵੇਕ ਵਿਹਾਰ ਵਿਚਲੇ ਹਸਪਤਾਲ ਦੇ ਮਾਲਕ ਅਤੇ ਇੱਕ ਡਾਕਟਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਹਸਪਤਾਲ ਵਿੱਚ 25 ਮਈ ਨੂੰ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ ਸਨ। ਚੀਫ ਮੈਟਰੋਪੋਲੀਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਹਸਪਤਾਲ ਦੇ ਮਾਲਕ ਡਾਕਟਰ ਨਵੀਨ ਖਿਚੀ ਅਤੇ ਅੱਗ ਲੱਗਣ ਦੀ ਘਟਨਾ ਸਮੇਂ ਡਿਊਟੀ ’ਤੇ ਤਾਇਨਾਤ ਡਾਕਟਰ ਆਕਾਸ਼ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ। ਇਸੇ ਦੌਰਾਨ ਡਾਕਟਰ ਨੇ ਜ਼ਮਾਨਤ ਅਰਜ਼ੀ ਦਾਖਲ ਕੀਤੀ ਹੈ, ਜਿਸ ਦੀ ਸੁਣਵਾਈ 3 ਜੂਨ ਨੂੰ ਹੋਵੇਗੀ। ਦੋਵਾਂ ਨੂੰ ਐਤਵਾਰ ਨੂੰ ਗ੍ਰਿਫਤਾਰ ਕਰਨ ਬਾਅਦ 27 ਮਈ ਨੂੰ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। -ਪੀਟੀਆਈ