ਖੇਤਰੀ ਪ੍ਰਤੀਨਿਧ
ਪਟਿਆਲਾ, 30 ਮਈ
ਪੰਜਾਬ ਵਿੱਚ ਪਹਿਲੀ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ’ਚੋਂ ਐਤਕੀਂ ਪਟਿਆਲਾ ਦੇ ਦੋ ਵੱਡੇ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੈਰਹਾਜ਼ਰ ਰਹੇ। ਇਸ ਦੌਰਾਨ ਨਾ ਸਿਰਫ਼ ਇਨ੍ਹਾਂ ਦੀ ਪਾਰਟੀ ਦੇ ਵਰਕਰਾਂ ਬਲਕਿ ਆਮ ਲੋਕਾਂ ਅਤੇ ਦੂਜੀਆਂ ਧਿਰਾਂ ਦੇ ਆਗੂਆਂ ਨੂੰ ਵੀ ਇਨ੍ਹਾਂ ਦੀ ਗੈਰਹਾਜ਼ਰੀ ਰੜਕਦੀ ਰਹੀ ਕਿਉਂਕਿ ਦੋਵੇਂ ਵੱਡੇ ਨੇਤਾ ਹੋਣ ਕਰਕੇ ਇਨ੍ਹਾਂ ਵੱਲੋਂ ਦਾਗੇ ਜਾਣ ਵਾਲੇ ਬਿਆਨ ਵੀ ਸੁਰਖੀਆਂ ਬਣਨੇ ਸਨ।
ਕੈਪਟਨ ਅਮਰਿੰਦਰ ਸਿੰਘ ਤਾਂ ਆਪਣੀ ਪਤਨੀ ਪ੍ਰਨੀਤ ਕੌਰ ਵੱਲੋਂ ਚੋਣ ਲੜਨ ਦੇ ਬਾਵਜੂਦ ਉਹ ਇਕ ਦਿਨ ਵੀ ਇੱਥੇ ਨਹੀਂ ਆਏ। ਜਾਣਕਾਰੀ ਅਨੁਸਾਰ ਪ੍ਰਨੀਤ ਕੌਰ ਪੰਜ ਵਾਰ ਚੋਣ ਲੜ ਕੇ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਇਨ੍ਹਾਂ ਸਾਰੀਆਂ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਇੱਥੇ ਚੋਣ ਪ੍ਰਚਾਰ ਕਰਨ ਆਉਂਦੇ ਰਹੇ ਹਨ। ਉਂਝ, ਅਮਰਿੰਦਰ ਸਿੰਘ ਨੇ ਇੱਥੇ ਪੱਤਰ ਜਾਰੀ ਕਰਕੇ ਹਲਕਾ ਵਾਸੀਆਂ ਨੂੰ ਪ੍ਰਨੀਤ ਕੌਰ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਸਿਹਤ ਠੀਕ ਨਾ ਹੋਣ ਕਰਕੇ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਖੁਸ਼ਹਾਲ ਅਤੇ ਵਿਕਸਤ ਪੰਜਾਬ ਲਈ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਬਣਾਉਣ ਲਈ ਉਹ ਪਟਿਆਲਾ ਸੀਟ ਭਾਜਪਾ ਦੀ ਝੋਲੀ ਪਾਉਣ।
ਇਸੇ ਤਰ੍ਹਾਂ ਸਿਆਸੀ ਮੰਚਾਂ ’ਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਗੈਰ-ਹਾਜ਼ਰੀ ਲੋਕਾਂ ਨੂੰ ਹੋਰ ਵੀ ਵਧੇਰੇ ਰੜਕੀ। ਭਾਵੇਂ ਰਾਜਸੀ ਸਫਾਂ ਨੂੰ ਇਸ ਨੂੰ ਹੋਰ ਕਾਰਨਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ, ਪਰ ਮੁੱਖ ਤੌਰ ’ਤੇ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਆਈਪੀਐੱਲ ਵਿੱਚ ਰੁੱਝੇ ਰਹੇ। ਇਸ ਲਈ ਪ੍ਰਚਾਰ ਵਿੱਚ ਨਹੀਂ ਪੁੱਜੇ। ਬੀਤੀ 29 ਮਈ ਨੂੰ ਇੱਥੇ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਰੈਲੀ ਕਰਨ ਆਏ ਰਾਹੁਲ ਗਾਂਧੀ ਦੀ ਆਮਦ ਮੌਕੇ ਨਵਜੋਤ ਸਿੱਧੂ ਦੇ ਆਉਣ ਦੀ ਚਰਚਾ ਚੱਲੀ ਸੀ, ਪਰ ਨਾ ਆ ਸਕਣ ਕਰਕੇ ਵਰਕਰ ਉਨ੍ਹਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ।