ਨਵੀਂ ਦਿੱਲੀ, 31 ਮਈ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਸਬੰਧੀ ਉਸ ਦੀ ਸਕਾਰਾਤਮਕ ਪ੍ਰਚਾਰ ਮੁਹਿੰਮ, ‘ਨਿਆਂ’ ਦੀ ਗਾਰੰਟੀ ਅਤੇ ਸੰਵਿਧਾਨ ਦੀ ਰੱਖਿਆ ਨੂੰ ਦਿੱਤੀ ਗਈ ਪਹਿਲ ਕਾਰਨ ‘ਇੰਡੀਆ’ ਗੱਠਜੋੜ ਨੂੰ 4 ਜੂਨ ਨੂੰ ਚੋਣ ਨਤੀਜਿਆਂ ਵਾਲੇ ਦਿਨ ਸਪੱਸ਼ਟ ਤੇ ਫੈਸਲਾਕੁਨ ਬਹੁਮਤ ਮਿਲਣ ਜਾ ਰਿਹਾ ਹੈ। ਲੋਕ ਸਭਾ ਚੋਣਾਂ ਸਬੰਧੀ ਪ੍ਰਚਾਰ ਬੰਦ ਹੋਣ ਤੋਂ ਇਕ ਦਿਨ ਬਾਅਦ, ਵਿਰੋਧੀ ਪਾਰਟੀ ਨੇ ਕਿਹਾ ਕਿ ਉਸ ਵੱਲੋਂ ਜਿੱਥੇ ਲੋਕਾਂ ਲਈ ਨਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਪ੍ਰਚਾਰ ਮੁਹਿੰਮ ‘ਮ’ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਜਿਵੇਂ ਕਿ ਮੰਦਰ, ਮੰਗਲਸੂਤਰ, ਮੱਛੀ, ਮਟਨ, ਮੁਸਲਮਾਨ, ਮੁਜਰਾ ਤੇ ਮੈਡੀਟੇਸ਼ਨ ’ਤੇ ਆਧਾਰਤ ਰਹੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਸਬੰਧ ਵਿੱਚ ਉਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ 14 ਸਣੇ ਭਾਜਪਾ ਖ਼ਿਲਾਫ਼ ਕੁੱਲ 117 ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ। ਉਨ੍ਹਾਂ ਕਿਹਾ, ‘‘ਅਸੀਂ ਚੋਣ ਕਮਿਸ਼ਨ ਦਾ ਸਨਮਾਨ ਕਰਦੇ ਹਾਂ ਪਰ ਇਹ ਬਹੁਤ ਅਫਸੋਸਨਾਕ ਹੈ ਕਿ ਚੋਣ ਪ੍ਰਚਾਰ ਦੌਰਾਨ ਨਿਰਪੱਖਤਾ ਨਹੀਂ ਦੇਖੀ ਗਈ।’’ ਜੈਰਾਮ ਰਮੇਸ਼ ਨੇ ਉਨ੍ਹਾਂ 272 ਸਵਾਲਾਂ ਦਾ ਇਕ ਸੰਕਲਨ ਜਾਰੀ ਕੀਤਾ ਜੋ ਕਿ ਪਿਛਲੇ 72 ਦਿਨਾਂ ਵਿੱਚ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਕੋਲੋਂ ਪੁੱਛੇ ਗਏ ਹਨ। ਸਵਾਲਾਂ ਦੇ ਇਸ ਸੰਕਲਨ ਦਾ ਸਿਰਲੇਖ ‘72 ਦਿਨ, 272 ਸਵਾਲ, 0 ਜਵਾਬ,? ਭਾਗ ਮੋਦੀ ਭਾਗ’ ਰੱਖਿਆ ਗਿਆ ਹੈ। -ਪੀਟੀਆਈ