ਟੋਹਾਣਾ (ਪੱਤਰ ਪ੍ਰੇਰਕ):
ਲੋਕ ਸਭਾ ਚੋਣਾਂ ਦੀ ਹੋਈ ਪੋਲਿੰਗ ਤੋਂ ਬਾਅਦ ਭਾਜਪਾ ਵਿੱਚ ਕਾਟੋ-ਕਲੇਸ਼ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਨੇ ਜ਼ਿਲ੍ਹਾ ਜੀਂਦ, ਫਤਿਹਾਬਾਦ, ਹਿਸਾਰ ਤੇ ਸਿਰਸਾ ਦੇ ਜ਼ਿਲ੍ਹਾ ਪ੍ਰਧਾਨਾਂ ’ਤੇ ਚੋਣਾਂ ਵਿੱਚ ਵਿਰੋਧੀਆਂ ਦੀ ਮਦਦ ਕਰਨ ਅਤੇ ਕਥਿਤ ਤੌਰ ’ਤੇ ਫੰਡਾਂ ਦੀ ਰਾਸ਼ੀ ਨਾਲ ਹੇਰ-ਫੇਰ ਕਰਨ ਦੇ ਦੋਸ਼ ਲਾਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਚੋਣਾਂ ਦੀ ਫੀਡਬੈਕ ਲੈਣ ਲਈ ਬੁਲਾਈ ਗਈ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਉਮੀਦਵਾਰਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ। ਪਾਰਟੀ ਸੂਤਰਾਂ ਮੁਤਾਬਕ ਪੰਜ ਜ਼ਿਲ੍ਹਿਆਂ ਦੇ ਪ੍ਰਧਾਨਾਂ ’ਤੇ ਗਾਜ਼ ਡਿੱਗਣ ਦੀ ਸੰਭਾਵਨਾ ਹੈ। ਹਿਸਾਰ ਤੋਂ ਭਾਜਪਾ ਉਮੀਦਵਾਰ ਰਣਜੀਤ ਚੌਟਾਲਾ ਤੇ ਸਿਰਸਾ ਤੋਂ ਉਮੀਦਵਾਰ ਅਸ਼ੋਕ ਤੰਵਰ ਵੱਲੋਂ ਕੀਤੀ ਸ਼ਿਕਾਇਤ ਦਾ ਮਾਮਲਾ ਮੁੱਖ ਮੰਤਰੀ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਹੁਣ ਚਾਰ ਜੂਨ ਦੇ ਨਤੀਜਿਆਂ ਤੋਂ ਬਾਅਦ ਹੀ ਭਾਜਪਾ ਸਖ਼ਤ ਫੈਸਲਾ ਲਵੇਗੀ।