ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਮਈ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਆਈਟੀਓ ਸਟੇਟਸ ਸ਼ਹੀਦੀ ਪਾਰਕ ਦੇ ਸਾਹਮਣੇ ਦਿੱਲੀ ਵਿੱਚ ਪੈਦਾ ਹੋਏ ਪਾਣੀ ਦੇ ਸੰਕਟ ਨੂੰ ਲੈ ਕੇ ਕੇਜਰੀਵਾਲ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਅਤੇ ਜਲ ਮੰਤਰੀ ਆਤਿਸ਼ੀ ਦੇ ਅਸਤੀਫ਼ੇ ਦੀ ਮੰਗ ਕੀਤੀ। ਭਾਜਪਾ ਪ੍ਰਧਾਨ ਤੇ ਕਰੀਬ 100 ਵਰਕਰਾਂ ਨੂੰ ਧਾਰਾ 144 ਲੱਗਣ ਕਾਰਨ ਆਈਪੀ ਥਾਣੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਦਿੱਲੀ ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਦਾ ਪਾਣੀ ਸੰਕਟ ਕੁਦਰਤੀ ਨਹੀਂ ਹੈ, ਇਹ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਕਾਰਨ ਪੈਦਾ ਹੋਇਆ ਹੈ ਅਤੇ ਦਿੱਲੀ ਦੇ ਲੋਕ ਇਸ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਸੀਐੱਲਸੀ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਪਾਣੀ ਦੀ ਬਰਬਾਦੀ ਨੂੰ ਰੋਕਣਾ ਸੀ ਅਤੇ ਪਾਣੀ ਨੂੰ ਇੱਕ ਨਹਿਰ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਸੀ। ਉਸ ਸਮੇਂ ਹਰਿਆਣਾ ਸਰਕਾਰ ਵੱਲੋਂ ਮੂਨਕ ਤੋਂ 1049 ਕਿਊਸਿਕ ਪਾਣੀ ਛੱਡਿਆ ਗਿਆ ਸੀ। ਫਿਰ ਇਸ ਨੂੰ ਦਿੱਲੀ ਸਰਕਾਰ ਵੱਲੋਂ ਬਵਾਨਾ, ਹੈਦਰਪੁਰ, ਦਵਾਰਕਾ ਆਦਿ ਵੱਖ-ਵੱਖ ਚੈਨਲਾਂ ਵੱਲ ਮੋੜ ਦਿੱਤਾ ਗਿਆ ਅਤੇ ਇੱਥੋਂ ਭ੍ਰਿਸ਼ਟਾਚਾਰ ਦੀ ਖੇਡ ਸ਼ੁਰੂ ਹੋ ਗਈ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ 1 ਮਈ ਤੋਂ 29 ਮਈ ਤੱਕ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਰੋਜ਼ਾਨਾ 1049 ਕਿਊਸਿਕ ਪਾਣੀ ਦਿੱਤਾ ਹੈ। ਜਲ ਮੰਤਰੀ ਆਤਿਸ਼ੀ ਅਦਾਲਤ ਵਿੱਚ ਜਾਣ ਦੀ ਗੱਲ ਕਰ ਰਹੇ ਹਨ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਸਰਕਾਰ ਪਾਣੀ ਦੀ ਕਮੀ ਨੂੰ ਲੈ ਕੇ ਅਦਾਲਤ ਵਿੱਚ ਜਾਵੇਗੀ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਸਰਕਾਰ 2021 ਵਿੱਚ ਅਦਾਲਤ ਵਿੱਚ ਗਈ ਸੀ, ਜਿੱਥੇ ਅਦਾਲਤ ਨੇ ਉਸ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਦਿੱਲੀ ਸਰਕਾਰ ਨੂੰ ਪਾਣੀ ਦੀ ਪੂਰੀ ਮਾਤਰਾ ਮਿਲ ਰਹੀ ਹੈ ਪਰ ਕੇਜਰੀਵਾਲ ਸਰਕਾਰ ਪਾਣੀ ਦੀ ਬਰਬਾਦੀ ਨੂੰ ਰੋਕਣ ਵਿੱਚ ਨਾਕਾਮਯਾਬ ਰਹੀ ਹੈ।