ਪੱਤਰ ਪ੍ਰੇਰਕ
ਮਾਨਸਾ, 31 ਮਈ
ਮਾਲਵਾ ਖੇਤਰ ਵਿੱਚ ਭਾਰੀ ਗਰਮੀ ਤੇ ਰੋਜ਼-ਰੋਜ਼ ਪਾਣੀ ਲਾਉਣ ਤੋਂ ਅੱਕੇ ਕਿਸਾਨਾਂ ਨੇ ਹੁਣ ਇਨ੍ਹਾਂ ਨੂੰ ਖੇਤਾਂ ਵਿੱਚ ਵਾਹੁਣਾ ਆਰੰਭ ਕਰ ਦਿੱਤਾ ਹੈ। ਸ਼ਿਮਲਾ ਮਿਰਚ ਉਤੇ ਤੱਪਦੇ ਮੌਸਮ ਦੀ ਤੀਜੀ ਮਾਰ ਪਈ ਹੈ। ਇਸ ਤੋਂ ਪਹਿਲਾਂ ਸ਼ਿਮਲਾ ਮਿਰਚ ਉਪਰ ਅਮਰੀਕਨ ਸੁੰਡੀ ਦਾ ਹਮਲਾ ਹੋਇਆ, ਫਿਰ ਕਿਸਾਨਾਂ ਨੂੰ ਭਾਅ ਘੱਟ ਮਿਲਿਆ ਅਤੇ ਹੁਣ ਗਰਮ ਜਲਵਾਯੂ ਕਾਰਨ ਫ਼ਸਲਾਂ ਦੇ ਰੋਜ਼-ਰੋਜ਼ ਮੁਰਝਾਉਣ ਤੋਂ ਦੁਖੀ ਹੋਏ ਕਿਸਾਨਾਂ ਨੇ ਖੇਤ ’ਚ ਖੜ੍ਹੀਆਂ ਸ਼ਿਮਲਾ ਮਿਰਚ ’ਤੇ ਰੋਟਾਵੇਟਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਭੈਣੀਬਾਘਾ ਵਿਖੇ ਇੱਕ ਕਿਸਾਨ ਜ਼ੋਬਨ ਸਿੰਘ ਨੇ ਆਪਣੀ ਤਿੰਨ ਡੇਢ ਏਕੜ ਸ਼ਿਮਲਾ ਮਿਰਚ ਉਪਰ ਟਰੈਕਟਰ ਚਲਾ ਕੇ ਵਾਹੇ ਜਾਣ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਤੇਜ਼ ਗਰਮੀ ਕਾਰਨ ਰੋਜ਼-ਰੋਜ਼ ਪਾਣੀ ਲਾਉਣਾ ਔਖਾ ਸੀ ਜਿਸ ਤੋਂ ਅੱਕ ਕੇ ਤੇ ਵਾਹੁਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਚੱਲਿਆ। ਹੋਰ ਕਿਸਾਨ ਵੀ ਆਪਣੀ ਸਬਜ਼ੀਆਂ ਵਾਹੁਣ ਦੀ ਤਿਆਰੀ ਕਰ ਰਹੇ ਹਨ, ਕਿਉਂਕਿ ਪਾਰਾ 47 ਤੋਂ ਵੀ ਪਾਰ ਹੈ, ਜਿਸ ਕਰਕੇ ਕਿਸਾਨਾਂ ਨੂੰ ਸਬਜ਼ੀਆਂ ਗਰਮੀ ਤੋਂ ਬਚਾ ਕੇ ਰੱਖਣੀਆਂ ਮੁਸ਼ਕਲ ਹੋ ਗਈਆਂ ਹਨ। ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਬਜ਼ੀ ਜਾਂ ਹੋਰ ਫ਼ਸਲਾਂ ਸੰਭਾਲ਼ ਲਈ ਜੇਕਰ ਇੱਕ ਹਫ਼ਤੇ ਮੀਂਹ ਨਾ ਪਿਆ ਤਾਂ ਕਿਸਾਨਾਂ ਦੇ ਹੱਥ ਖੜ੍ਹੇ ਹੋ ਜਾਣੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਹਿਰਾਂ ’ਚ ਪਾਣੀ ਪੂਰੀ ਮਾਤਰਾ ਵਿੱਚ ਨਹੀਂ ਆ ਰਿਹਾ, ਜਿਸ ਕਾਰਨ ਫ਼ਸਲਾਂ ਲਈ ਟਿਊਬਵੈਲਾਂ ਦਾ ਧਰਤੀ ਹੇਠਲਾ ਮਾੜਾ ਪਾਣੀ ਲਾਉਣਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਅਨੁਸਾਰ ਆਉਣ ਵਾਲੇ ਚਾਰ-ਪੰਜ ਦਿਨਾਂ ਦੌਰਾਨ ਆਮ ਤੌਰ ’ਤੇ ਖੁਸ਼ਕ ਮੌਸਮ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 45 ਤੋਂ 48 ਡਿਗਰੀ ਰਹਿਣ ਦੀ ਸੰਭਾਵਨਾ ਹੈ।