ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਸਿੱਖ ਜਥੇਬੰਦੀ ਦਲ ਖਾਲਸਾ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ’ਤੇ ਕੀਤੇ ਫੌਜੀ ਹਮਲੇ ਦੀ 40ਵੀਂ ਵਰ੍ਹੇਗੰਢ ਮੌਕੇ ਕੌਮੀ ਰੋਹ ਦਾ ਪ੍ਰਗਟਾਵਾ ਕਰਨ ਲਈ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਸਿੱਖ ਜਥੇਬੰਦੀ ਵਲੋਂ 5 ਜੂਨ ਨੂੰ ਸ਼ਾਮ 5 ਵਜੇ ਸ਼ਹਿਰ ਵਿਚ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਬੰਦ ਦਾ ਸੱਦਾ ਸਿਰਫ਼ ਵਪਾਰਕ, ਕਾਰੋਬਾਰੀ ਅਤੇ ਵਿੱਦਿਅਕ ਅਦਾਰਿਆਂ ਲਈ ਹੈ। ਬੰਦ ਦੌਰਾਨ ਮੈਡੀਕਲ ਸੇਵਾਵਾਂ ਅਤੇ ਆਵਾਜਾਈ ਖੁੱਲ੍ਹੀ ਰਹੇਗੀ। ਉਨ੍ਹਾਂ ਅੰਮ੍ਰਿਤਸਰ ਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਸਿੱਖ ਕੌਮ ਦੀ ਇਸ ਪੀੜ ਵਿੱਚ ਸ਼ਾਮਲ ਹੋਣ। ਇਸ ਦੌਰਾਨ ਅੱਜ ਜਥੇਬੰਦੀ ਦੇ ਕਾਰਕਨਾਂ ਵੱਲੋਂ ਇਸ ਸਬੰਧ ਵਿਚ ਸ਼ਹਿਰ ਵਿੱਚ ਬੰਦ ਸਬੰਧੀ ਫਲੈਕਸ, ਬੋਰਡ ਅਤੇ ਪੋਸਟਰ ਲਗਾਏ ਗਏ ਹਨ।