ਪੱਤਰ ਪ੍ਰੇਰਕ
ਅਮਲੋਹ, 1 ਜੂਨ
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਅੱਜ ਆਪਣੇ ਜੱਦੀ ਪਿੰਡ ਮਛਰਾਏ ਖੁਰਦ ਵਿਚ ਵੋਟ ਪਾਈ। ਉਹ ਕੁਝ ਸਮਾਂ ਪਾਰਟੀ ਸਮਰਥਕਾਂ ਨਾਲ ਵੀ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਲੱਗੇ ਬੂਥ ਉੱਪਰ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਹਨ ਇਸ ਲਈ ਵਿਰੋਧੀ ਪਾਰਟੀਆਂ ਵਲੋਂ ਗੁਮਰਾਹਕੁੰਨ ਪ੍ਰਚਾਰ ਦੇ ਬਾਵਜੂਦ ਪਾਰਟੀ ਉਮੀਦਵਾਰ ਭਾਰੀ ਬਹੁਮਤ ਨਾਲ ਕਾਮਯਾਬ ਹੋਣਗੇ। ਉਨ੍ਹਾਂ ਵੋਟਰਾਂ ਦਾ ਧੰਨਵਾਦ ਵੀ ਕੀਤਾ।
ਇਸੇ ਦੌਰਾਨ ਸ੍ਰੀ ਬੜਿੰਗ ਦੇ ਭਰਾ ਐਡਵੋਕੇਟ ਮਨਿੰਦਰ ਸਿੰਘ ਮੱਨੀ ਵੜਿੰਗ ਨੇ ਆਪਣੀ ਮਾਤਾ ਸਣੇ ਆਪਣੇ ਜੱਦੀ ਪਿੰਡ ਮਛਰਾਏ ਖੁਰਦ ਵਿੱਚ ਵੋਟ ਪਾਈ।
ਅਕਾਲੀ ਆਗੂ ਰਾਜੂ ਖੰਨਾ ਨੇ ਕਤਾਰ ’ਚ ਖੜ੍ਹ ਕੇ ਵੋਟ ਪਾਈ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਅਮਲੋਹ ਹਲਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਬੂਥ ਨੰਬਰ-114 ’ਤੇ ਅਮਲੋਹ ਕੰਨਿਆ ਸਕੂਲ ਵਿਚ ਕਤਾਰ ਵਿੱਚ ਖੜ੍ਹ ਕੇ ਵੋਟ ਪਾਈ। ਬਾਅਦ ਵਿਚ ਉਹ ਕੁਝ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਪਾਰਟੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ’ਚ ਬੂਥ ਉੱਪਰ ਵੀ ਬੈਠੇ।
ਸਾਬਕਾ ਮੰਤਰੀ ਧਰਮਸੋਤ ਨੇ ਪਾਈ ਵੋਟ
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਆਪਣੇ ਪਰਿਵਾਰ ਸਣੇ ਵੋਟ ਪਾਈ। ਬਾਅਦ ਵਿਚ ਉਹ ਕੁਝ ਸਮਾਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੇ ਬੂਥ ਉੱਪਰ ਵੀ ਬੈਠੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਕਾਂਗਰਸ ਦੇ ਹੱਕ ਵਿਚ ਹਵਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਸ ਮੌਕੇ ਸੂਬਾ ਸਕੱਤਰ ਡਾ. ਸਵਤੰਤਰ ਕਰਕਰਾ, ਲਾਲ ਚੰਦ ਕਾਲਾ, ਹੈਪੀ ਸੂਦ, ਉਮੇਸ਼ ਮਿੰਟਾ, ਹੈਪੀ ਸੇਢਾ ਆਦਿ ਮੌਜੂਦ ਸਨ।
ਖਾਲਸਾ ਤੇ ਖੰਨਾ ਵੱਲੋਂ ਪਾਰਟੀ ਕਾਰਕੁਨਾਂ ਦੀ ਹੌਸਲਾ-ਅਫ਼ਜਾਈ
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਦੇ ਬੂਥਾਂ ’ਤੇ ਜਾ ਕੇ ਵਰਕਰਾਂ ਅਤੇ ਆਗੂਆਂ ਦੀ ਹੌਸਲਾਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗੀ। ਸ੍ਰੀ ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ, ਆਗੂਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇੱਕ ਮਹੀਨੇ ਤੋਂ ਅੱਤ ਦੀ ਗਰਮੀ ਵਿੱਚ ਪਾਰਟੀ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾਣ ਲਈ ਯੋਗਦਾਨ ਪਾਇਆ।