ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਤਰਕਸ਼ੀਲ ਸੁਸਾਇਟੀ ਦੇ ਲੁਧਿਆਣਾ ਜ਼ੋਨ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਅਤੇ ਵਿੱਤ ਮੁਖੀ ਧਰਮਪਾਲ ਸਿੰਘ ਨੇ ਦੱਸਿਆ ਕਿ ‘ਤਰਕਸ਼ੀਲ’ ਰਸਾਲੇ ਦੀਆਂ ਤਰਤੀਬਵਾਰ 1986 ਤੋਂ 2023 ਤੱਕ ਇੱਕ- ਇੱਕ ਸਾਲ ਦੀਆਂ ਫਾਈਲਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਵਿਗਿਆਨਿਕ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਲਈ ਕੋਈ ਵੀ ਸਮਾਜ ਚਿੰਤਕ ਕਾਰਕੁਨ ਜ਼ੋਨ ਦਫਤਰ ਲੁਧਿਆਣਾ (ਨੇੜੇ ਬੱਸ ਸਟੈਂਡ) ਪਹੁੰਚ ਕੇ ਸਮਾਜ ’ਚੋਂ ਰੂੜ੍ਹੀਵਾਦੀ, ਅੰਧ ਵਿਸ਼ਵਾਸੀ ਕਦਰਾਂ ਕੀਮਤਾਂ ਖਤਮ ਕਰਨ ਦਾ ਨਜ਼ਰੀਆ ਵਿਕਸਤ ਕਰਨ ਲਈ ਇਹ ਗਿਆਨ ਭਰਪੂਰ ਸਾਹਿਤ ਪੜ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਮਾਜ ਨੂੰ ਕਿਸਮਤਵਾਦ ਵਿੱਚ ਉਲਝਾ ਕੇ ਉਸ ਦੇ ਵਿਗੜੇ ਕੰਮਾਂ ਨੂੰ ਠੀਕ ਕਰਨ ਲਈ ਜੋਤਸ਼ੀਆਂ, ਤਾਂਤਰਿਕਾਂ, ਬਾਬਿਆਂ, ਚੇਲਿਆਂ ਆਦਿ ਵੱਲੋਂ ਪੂਜਾ, ਪਾਠ ਤੇ ਉਪਾਅ ਆਦਿ ਕਰਨ ਬਦਲੇ ਵੱਡੀ ਪੱਧਰ ’ਤੇ ਲੁੱਟ ਮਚਾਈ ਹੋਈ ਹੈ। ਤਰਕਸ਼ੀਲ ਸੁਸਾਇਟੀ ਲਗਾਤਾਰ ਇਸ ਤਰ੍ਹਾਂ ਦੀ ਲੁੱਟ ਕਰਨ ਵਾਲਿਆਂ ਖਿਲਾਫ ਲੋਕਾਂ ਨੂੰ ਸਿੱਖਿਅਤ ਕਰਦੀ ਆ ਰਹੀ ਹੈ ਜਿਸ ਦੇ ਹਾਂ ਪੱਖੀ ਨਤੀਜੇ ਵੀ ਸਾਹਮਣੇ ਹਨ। ਸਰਕਾਰਾਂ ਨੇ ਲੋਕਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡ ਕੇ ਆਪਣਾ ਵੋਟ ਬੈਂਕ ਬਣਾਇਆ ਹੋਇਆ ਹੈ। ਇਸ ਲਈ ਸਮਾਜ ਚਿੰਤਕਾਂ ਦੀ ਲੋਕ ਪੱਖੀ ਸਮਝ ਨੂੰ ਲੋਕਾਂ ਵਿੱਚ ਚੇਤਨਾ ਫੈਲਾਉਣ ਲਈ ਵੱਡੇ ਪੱਧਰ ਤੇ ਉਤਸ਼ਾਹਿਤ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਹੈ। ਇਸ ਲੋੜ ਨੂੰ ਮੁੱਖ ਰੱਖਦਿਆਂ ਤਰਕਸ਼ੀਲ ਆਗੂਆਂ ਨੇ ਹਰ ਉਸ ਵਿਅਕਤੀ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਉਪਰੋਕਤ ਤਰਕਸ਼ੀਲ ਦਫਤਰ ਪਹੁੰਚ ਕੇ ਪਿਛਲੇ ਸਾਰੇ ਹੀ ਮੈਗਜ਼ੀਨ ਪੜ੍ਹਨ ਦੀ ਅਪੀਲ ਕੀਤੀ ਹੈ।