ਦੇਵਿੰਦਰ ਸਿੰਘ ਜੱਗੀ
ਪਾਇਲ, 1 ਜੂਨ
ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਲਾਗੇ ਪਰਾਲੀ ਤੋਂ ਗੈਸ ਬਣਾਉਣ ਵਾਲੀ ਲੱਗੀ ਫੈਕਟਰੀ ਦੀ ਬੁਦਬੂ ਤੋਂ ਦੁਖੀ ਹੋਏ ਆਲੇ-ਦੁਆਲੇ ਦੇ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ। ਇਥੇ ਘੁੰਗਰਾਲੀ ਰਾਜਪੂਤਾਂ, ਗਾਜੀਪੁਰ, ਕਿਸ਼ਨਗੜ੍ਹ ਪਿੰਡਾਂ ਵਿੱਚ ਬੂਥ ਵੀ ਨਹੀਂ ਲੱਗੇ। ਘੁੰਗਰਾਲੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ’ਚ ਲੱਗੀ ਪਰਾਲੀ ਤੋਂ ਗੈਸ ਬਣਾਉਣ ਵਾਲੀ ਫੈਕਟਰੀ ਤੋਂ ਆ ਰਹੀ ਗੰਦੀ ਬੁਦਬੂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ। ਗੈਸ ਫੈਕਟਰੀ ਮੂਹਰੇ ਪਿਛਲੇ ਕਾਫੀ ਸਮੇਂ ਤੋਂ ਧਰਨਾ ਲੱਗਿਆ ਹੋਇਆ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਖਿਰਕਾਰ ਪਿੰਡਾਂ ਦੇ ਲੋਕਾਂ ਨੇ ਦੁਖੀ ਹੋ ਕੇ ਵੋਟਾਂ ਤੋਂ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਫੈਕਟਰੀ ਦਾ ਕੋਈ ਹੱਲ ਨਾ ਹੋਇਆ ਤਾਂ ਇਹ ਰੋਸ ਧਰਨਾ ਪੰਚਾਇਤੀ ਚੋਣਾਂ, ਜ਼ਿਲ੍ਹਾ ਪਰਿਸ਼ਦ ਅਤੇ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੇਗਾ।
ਸਮਰਾਲਾ (ਡੀਪੀਐੱਸ ਬਤਰਾ): ਲੋਕ ਸਭਾ ਚੋਣਾਂ ਦੇ ਦਿਨ ਪਿੰਡ ਮੁਸ਼ਕਾਬਾਦ, ਖੀਰਨੀਆਂ ਅਤੇ ਟੱਪਰੀਆਂ ਦੇ ਵਸਨੀਕਾਂ ਦਾ ਲੋਕਤੰਤਰ ਤੋਂ ਮੋਹ ਭੰਗ ਹੁੰਦਾ ਵੇਖਿਆ ਗਿਆ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਚੋਣਾ ਦਾ ਮੁਕੰਮਲ ਬਾਈਕਾਟ ਰੱਖਿਆ ਗਿਆ। ਪਿੰਡ ਮੁਸ਼ਕਾਬਾਦ ਵਿੱਚ ਬਣੇ ਬਾਇਓਗੈਸ ਪਲਾਂਟ ਨੂੰ ਬੰਦ ਨਾ ਕਰਾਉਣ ਦੇ ਰੋਸ ਵਜੋਂ ਇਨ੍ਹਾਂ ਲੋਕਾਂ ਨੇ ਲੋਕ ਸਭਾ ਚੋਣਾ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ ਅਤੇ ਅੱਜ ਇਸ ਐਲਾਨ ’ਤੇ ਇਨ੍ਹਾਂ ਪਿੰਡਾਂ ਵੱਲੋਂ ਡੱਟ ਕੇ ਪਹਿਰਾ ਦਿੱਤਾ ਗਿਆ। ਮੁਸ਼ਕਾਬਾਦ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਅਤੇ ਕੈਪਟਨ ਹਰਜਿੰਦਰ ਸਿੰਘ ਟੱਪਰੀਆ ਨੇ ਦੱਸਿਆ ਕਿ ਬਾਇਓਗੈਸ ਪਲਾਂਟ ਨੂੰ ਬੰਦ ਕਰਵਾਉਣ ਦੇ ਵਿਰੋਧ ਵਿੱਚ ਪਿਛਲੇ 29 ਦਿਨਾਂ ਤੋਂ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਟੱਪਰੀਆਂ ’ਚ 0, ਖੀਰਨੀਆਂ ਵਿੱਚ 15 ਅਤੇ ਮੁਸ਼ਕਾਬਾਦ ’ਚ 17 ਵੋਟਾਂ ਹੀ ਪੋਲ ਹੋਈਆਂ।
ਅਖਾੜਾ ਤੇ ਭੂੰਦੜੀ ਵਾਸੀਆਂ ਨੇ ਵੀ ਵੋਟਾਂ ਤੋਂ ਦੂਰੀ ਬਣਾਈ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਅਖਾੜਾ ਤੇ ਭੂੰਦੜੀ ਵਿੱਚ ਲੱਗ ਰਹੀਆਂ ਬਾਇਓਗੈਸ ਫੈਕਟਰੀਆਂ ਖ਼ਿਲਾਫ਼ ਰੋਸ ਵਜੋਂ ਵੋਟਾਂ ਦਾ ਪੂਰਨ ਬਾਈਕਾਟ ਕੀਤਾ ਗਿਆ। ਪਿੰਡ ਅਖਾੜਾ ’ਚ ਪੂਰਨ ਏਕਤਾ ਦੇਖਣ ਨੂੰ ਮਿਲੀ ਅਤੇ ਪਿੰਡ ਦੀਆਂ ਸਾਰੀਆਂ ਬੀਬੀਆਂ ਅਤਿ ਦੀ ਗਰਮੀ ਦੇ ਬਾਵਜੂਦ ਧਰਨਾ ਲਾ ਕੇ ਬੈਠੀਆਂ ਰਹੀਆਂ। ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਪਿੰਡ ਵਾਸੀਆਂ ਨੂੰ ਮਨਾਉਣ ਅਤੇ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਪਹੁੰਚੇ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਦੂਜੇ ਪਾਸੇ ਭੂੰਦੜੀ ’ਚ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਅਖਾੜਾ ਦੀ 19 ਮੈਂਬਰੀ ਸੰਘਰਸ਼ ਕਮੇਟੀ, ਪੰਚਾਇਤ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਅੱਜ ਦੇ ਧਰਨੇ ’ਚ ਸ਼ਮੂਲੀਅਤ ਕੀਤੀ। ਉਥੇ ਹੀ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਭੂੰਦੜੀ ਨੇ ਵੋਟਾਂ ਦੇ ਬਾਈਕਾਟ ਸਮੇਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।