ਨਵੀਂ ਦਿੱਲੀ, 1 ਜੂਨ
ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੇ ਹਰ ਸਾਧੂ, ਬਾਬੇ ਜਾਂ ਗੁਰੂ ਨੂੰ ਜਨਤਕ ਥਾਂ ’ਤੇ ਮੰਦਰ ਜਾਂ ਸਮਾਧੀ ਸਥਾਨ ਬਣਾਉਣ ਅਤੇ ਨਿੱਜੀ ਲਾਭ ਲਈ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਇਸ ਦੇ ਨੁਕਸਾਨਦਾਇਕ ਨਤੀਜੇ ਨਿਕਲਣਗੇ ਅਤੇ ਜਨਤਕ ਹਿੱਤ ਖਤਰੇ ਵਿੱਚ ਪੈ ਜਾਣਗੇ। ਹਾਈ ਕੋਰਟ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਭਗਤ ਨਾਗਾ ਸਾਧੂਆਂ ਨੂੰ ਦੁਨਿਆਵੀ ਮਾਮਲਿਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਜੀਵਨ ਜਿਊਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੇ ਨਾਮ ’ਤੇ ਜਾਇਦਾਦ ਦੇ ਅਧਿਕਾਰ ਮੰਗਣਾ ਉਨ੍ਹਾਂ ਦੀ ਮਾਨਤਾਵਾਂ ਤੇ ਪ੍ਰਥਾਵਾਂ ਲਈ ਅਨੁਕੂਲ ਨਹੀਂ ਹੈ। ਜਸਟਿਸ ਧਰਮੇਸ਼ ਸ਼ਰਮਾ ਨੇ ਕਿਹਾ, ‘‘ਸਾਡੇ ਦੇਸ਼ ਵਿੱਚ ਸਾਨੂੰ ਵੱਖ-ਵੱਖ ਥਾਵਾਂ ’ਤੇ ਹਜ਼ਾਰਾਂ ਸਾਧੂ, ਬਾਬੇ, ਫਕੀਰ ਜਾਂ ਗੁਰੂ ਮਿਲ ਜਾਣਗੇ, ਜੇ ਉਨ੍ਹਾਂ ’ਚੋਂ ਕਿਸੇ ਇਕ ਨੂੰ ਜਨਤਕ ਜਗ੍ਹਾ ਉਪਰ ਮੰਦਰ ਜਾਂ ਸਮਾਧੀ ਸਥਾਨ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਤੇ ਉਹ ਇਸ ਦੀ ਆਪਣੇ ਨਿੱਜੀ ਲਾਭ ਲਈ ਵਰਤੋਂ ਕਰਨ ਲੱਗਾ ਤਾਂ ਇਸ ਦੇ ਤਬਾਹਕੁਨ ਸਿੱਟੇ ਹੋਣਗੇ ਅਤੇ ਵਿਆਪਕ ਜਨਤਕ ਹਿੱਤ ਖਤਰੇ ਵਿੱਚ ਪੈ ਜਾਵੇਗਾ।’’ ਹਾਈ ਕੋਰਟ ਨੇ ਇਹ ਟਿੱਪਣੀ ਮਹੰਤ ਨਾਗਾ ਬਾਬਾ ਸ਼ੰਕਰ ਗਿਰੀ ਵੱਲੋਂ ਉਨ੍ਹਾਂ ਦੇ ਉਤਰਾਧਿਕਾਰੀ ਦੇ ਮਾਧਿਅਮ ਰਾਹੀਂ ਦਾਇਰ ਇਕ ਅਰਜ਼ੀ ਖਾਰਜ ਕਰਦਿਆਂ ਕੀਤੀ। ਅਰਜ਼ੀ ’ਚ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਤ੍ਰਿਵੇਣੀ ਘਾਟ, ਨਿਗਮਬੋਧ ਘਾਟ ’ਤੇ ਨਾਗਾ ਬਾਬਾ ਭੋਲਾ ਗਿਰੀ ਦੀ ਸਮਾਧੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੇ ਨਿਰਦੇਸ਼ ਜਾਰੀ ਕਰਨ ਸਬੰਧੀ ਅਪੀਲ ਕੀਤੀ ਗਈ ਸੀ। ਪਟੀਸ਼ਨਰ ਦੀ ਸ਼ਿਕਾਇਤ ਸੀ ਕਿ ਦਿੱਲੀ ਸਰਕਾਰ ਦੇ ਹੜ੍ਹ ਰੋਕੂ ਤੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਜਾਇਦਾਦ ਦੇ ਨੇੜੇ ਕਈ ਝੁੱਗੀਆਂ ਤੇ ਹੋਰ ਭਵਨ ਢਾਹ ਦਿੱਤੇ ਸਨ ਜਿਸ ਕਾਰਨ ਸਮਾਧੀ ਢਾਹੇ ਜਾਣ ਦਾ ਖ਼ਤਰਾ ਹੈ। -ਪੀਟੀਆਈ