ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੂਨ
ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਨੇ ਆਪਣੀ ਵੋਟ ਦੀ ਵਰਤੋਂ ਇਸ ਵਾਰ ਖੁੱਲ੍ਹ ਕੇ ਕਰਨ ਦੀ ਬਜਾਏ, ਚੁੱਪ-ਚਪੀਤਿਆਂ ਕੀਤੀ ਹੈ। ਰਾਜਸੀ ਮਾਹਿਰ ਸਾਰਾ ਦਿਨ ਸ਼ਰਧਾਲੂਆਂ ਦੇ ਕਿਸੇ ਪਾਸੇ ਭੁਗਤਣ ਦੀ ਕਨਸੋਅ ਲੈਂਦੇ ਰਹੇ, ਪਰ ਕਿਸੇ ਵੀ ਡੇਰਾ ਪੈਰੋਕਾਰ ਨੇ ਉਨ੍ਹਾਂ ਦੇ ਪੱਲੇ ਕੁਝ ਨਾ ਪਾਇਆ। ਡੇਰੇ ਵਾਲਿਆਂ ਦੀ ਇਸ ਗੁੱਝੀ ਵੋਟ ਨੂੰ ਲੈ ਕੇ ਹੁਣ ਸਾਰੀਆਂ ਵੱਡੀਆਂ ਧਿਰਾਂ ਨੇ ਆਪੋ-ਆਪਣੀ ਜਿੱਤ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵੋਟਾਂ ਪੈਣ ਅਤੇ ਆਪੋ-ਆਪਣੀ ਸਥਿਤੀ ਨੂੰ ਅੰਦਰੂਨੀ ਤੌਰ ’ਤੇ ਸਮਝ ਲੈਣ ਦੇ ਬਾਵਜੂਦ ਭਾਜਪਾ, ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਸਣੇ ਹਲਕਾ ਇੰਚਾਰਜਾਂ ਵੱਲੋਂ ਆਪਣੀ ਜਿੱਤ ਦੇ ਦਾਅਵੇ ਜਾਰੀ ਹਨ।
ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂਆਂ ਨੂੰ ਪੋਲਿੰਗ ਬੂਥਾਂ ਦੇ ਨੇੜੇ ਖੁੱਲ੍ਹੇਆਮ ਫਿਰਦਿਆਂ ਵੀ ਇਸ ਵਾਰ ਨਹੀਂ ਦੇਖਿਆ ਗਿਆ ਜਦੋਂ ਕਿ ਸ਼ਰਧਾਲੂਆਂ ਨੂੰ ਟੋਹਣ ਲਈ ਹਰ ਕੋਈ ਸਾਰਾ ਦਿਨ ਉਤਾਵਲਾ ਦਿਖਾਈ ਦਿੰਦਾ ਰਿਹਾ। ਪੋਲਿੰਗ ਬੂਥਾਂ ਦੇ ਬੰਦ ਹੋਣ ਤੱਕ ਇਸ ਵਾਰ ਡੇਰਾ ਪੈਰੋਕਾਰਾਂ ਦੇ ਕਿਸੇ ਪਾਸੇ ਖੁੱਲ੍ਹ ਕੇ ਚੱਲਣ ਦੀ ਭਾਫ਼ ਬਾਹਰ ਨਾ ਨਿਕਲ ਸਕੀ। ਉਧਰ, ਦੂਜੇ ਪਾਸੇ ਡੇਰਾ ਸ਼ਰਧਾਲੂਆਂ ਦੀ ਹਮਾਇਤ ਸਬੰਧੀ ਇਸ ਵਾਰ ਕੋਈ ਵੀ ਪਾਰਟੀ ਹਾਮੀ ਨਹੀਂ ਭਰ ਰਹੀ, ਜਦੋਂਕਿ ਪਹਿਲਾਂ ਹਰ ਸਿਆਸੀ ਧਿਰ ਵੱਲੋਂ ਡੇਰਾ ਉਨ੍ਹਾਂ ਦੇ ਹੱਕ ਵਿੱਚ ਭੁਗਤਣ ਦਾ ਜ਼ੋਰ-ਸ਼ੋਰ ਨਾਲ ਦਾਅਵਾ ਕੀਤਾ ਜਾਂਦਾ ਸੀ। ਬਠਿੰਡਾ ਲੋਕ ਸਭਾ ਹਲਕੇ ਤੋਂ ‘ਆਪ’ ਸਣੇ ਭਾਜਪਾ, ਅਕਾਲੀ ਅਤੇ ਕਾਂਗਰਸੀ ਵਰਕਰ ਇਸ ਵਾਰ ਡੇਰਾ ਪ੍ਰੇਮੀਆਂ ਦੀ ਚੁੱਪ ਕਾਰਨ ਭੰਬਲਭੂਸੇ ਵਿੱਚ ਹਨ।