ਗੁਰਬਖਸ਼ਪੁਰੀ
ਤਰਨ ਤਾਰਨ, 1 ਜੂਨ
ਪਿੰਡ ਖੱਬੇ ਡੋਗਰਾਂ ਵਿੱਚ ਭਾਜਪਾ ਵਰਕਰਾਂ ਵੱਲੋਂ ਲਗਾਏ ਗਏ ਪੋਲਿੰਗ ਬੂਥ ਤੋਂ ਸ਼ਰਾਰਤੀ ਅਨਸਰ ਸਾਮਾਨ ਆਦਿ ਖੋਹ ਕੇ ਲੈ ਲਏ| ਇਸ ਕਾਰਵਾਈ ਖਿਲਾਫ਼ ਭਾਜਪਾ ਵਰਕਰਾਂ ਨੇ ਤਿੱਖਾ ਵਿਰੋਧ ਕੀਤਾ| ਇਸ ਦੀ ਸੂਚਨਾ ਮਿਲਣ ’ਤੇ ਐੱਸਐੱਸਪੀ ਅਸ਼ਵਨੀ ਕਪੂਰ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਕੀਤੀਆਂ। ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਸ਼ਰਾਰਤੀਆਂ ਨੇ ਬੂਥ ਦੇ ਸਾਮਾਨ ਦੀ ਭੰਨ-ਤੋੜ ਵੀ ਕੀਤੀ ਅਤੇ ਪਾਰਟੀ ਦੇ ਵਰਕਰਾਂ ਨੂੰ ਧਮਕੀਆਂ ਵੀ ਦਿੱਤੀਆਂ| ਮਨਜੀਤ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਲੋਕਾਂ ਵੱਲੋਂ ਮਿਲ ਰਹੇ ਭਾਰੀ ਸਮਰਥਨ ਨੂੰ ਦੇਖ ਕੇ ਵਿਰੋਧੀ ਬੁਖਲਾ ਗਏ ਹਨ|
ਭਦੌੜ (ਰਾਜਿੰਦਰ ਵਰਮਾ): ਭਾਜਪਾ ਵੱਲੋਂ ਸਾਰੇ ਪਿੰਡਾਂ ਵਿੱਚ ਆਪਣੇ ਬੂਥ ਲਗਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਉਸ ਸਮੇਂ ਅਧੂਰੀਆਂ ਰਹਿ ਗਈਆਂ ਜਦੋਂ ਪਿੰਡ ਅਲਕੜਾ ਦੇ ਕਿਸਾਨ ਆਗੂਆਂ ਨੇ ਪਿੰਡ ਵਿੱਚ ਭਾਜਪਾ ਦਾ ਬੂਥ ਨਾ ਲੱਗਣ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਅਲਕੜਾ ਵਿੱਚ ਕਾਂਗਰਸ, ‘ਆਪ’, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਅਕਾਲੀ ਦਲ (ਅ) ਦੇ ਵਰਕਰਾਂ ਨੇ ਇਕੱਠੇ ਬੂਥ ਲਾਏ ਹੋਏ ਸਨ ਜਦਕਿ ਭਾਜਪਾ ਵੱਲੋਂ ਵੱਖਰੇ ਤੌਰ ’ਤੇ ਬੂਥ ਲਗਾਇਆ ਗਿਆ ਸੀ। ਇਸ ਬਾਰੇ ਜਦੋਂ ਕਿਸਾਨ ਆਗੂਆਂ ਨੂੰ ਪਤਾ ਲੱਗਿਆ ਤਾਂ ਉਹ ਫੌਰੀ ਉੱਥੇ ਪੁੱਜ ਗਏ। ਉਸ ਵੇਲੇ ਬੂਥ ’ਤੇ ਬਾਹਰਲੇ ਪਿੰਡਾਂ ਦੇ ਬੰਦੇ ਬੈਠੇ ਸਨ। ਕਿਸਾਨ ਆਗੂ ਕਮਲਜੀਤ ਸਿੰਘ, ਗੁਰਮੇਲ ਸਿੰਘ ਅਤੇ ਹੋਰ ਕਿਸਾਨਾਂ ਨੇ ਉਨ੍ਹਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਸਨ ਤਾਂ ਭਾਜਪਾ ਆਗੂ ਕਹਿ ਰਹੇ ਸਨ ਕਿ ਇਹ ਕਿਸਾਨ ਨਹੀਂ ਕਿਰਾਏ ’ਤੇ ਲਿਆਂਦੇ ਗਏ ਬੰਦੇ ਹਨ। ਉਨ੍ਹਾਂ ਬੂਥ ’ਤੇ ਬੈਠੇ ਬੰਦਿਆਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ‘ਕਿਰਾਏ ’ਤੇ ਲਿਆਂਦਾ ਗਿਆ ਹੈ’। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਦਾ ਕੋਈ ਵਿਅਕਤੀ ਬੂਥ ’ਤੇ ਬਿਠਾ ਦਿੱਤਾ ਜਾਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਉਹ ਬਾਹਰਲੇ ਪਿੰਡ ਦੇ ਵਿਅਕਤੀ ਨੂੰ ਬੂਥ ਨਹੀਂ ਲਗਾਉਣ ਦੇਣਗੇ। ਇਸ ’ਤੇ ਭਾਜਪਾ ਆਗੂ ਕੋਈ ਜਵਾਬ ਨਾ ਦੇ ਸਕੇ। ਉਹ ਕੁਝ ਸਮੇਂ ਬਾਅਦ ਬੂਥ ਖਾਲੀ ਕਰਕੇ ਚਲੇ ਗਏ।
ਪੈਸੇ ਵੰਡਣ ਦੇ ਦੋਸ਼ ਹੇਠ ਭਾਜਪਾ ਆਗੂ ਤੇ ਸਾਥੀ ਖ਼ਿਲਾਫ਼ ਕੇਸ ਦਰਜ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਜਲੰਧਰ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਕੁਝ ਘਟਨਾਵਾਂ ਤੋਂ ਇਲਾਵਾ ਸਮੁੱਚੇ ਹਲਕੇ ਵਿਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਤੇ ਸਰਵਨ ਸਿੰਘ ਜੱਜ ਦੀ ਭਾਜਪਾ ਦੇ ਬੂਥ ਲਗਾਉਣ ਅਤੇ ਭਾਜਪਾ ਨੂੰ ਵੋਟਾਂ ਪਵਾਉਣ ਲਈ ਪੈਸੇ ਵੰਡਦਿਆਂ ਦੀ ਫੋਟੋ ਵਾਇਰਲ ਹੋ ਗਈ ਜਿਸ ਤੋਂ ਬਾਅਦ ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿੰਡ ਬਾਹਮਣੀਆਂ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡ ਦੇ ਅੱਡੇ ਉੱਪਰ ਲਗਾਏ ਬੂਥ ਨੂੰ ਲੈ ਕੇ ਕਾਂਗਰਸ ਤੇ ‘ਆਪ’ ਨੇ ਵਿਰੋਧ ਜਤਾਇਆ ਜਿਸ ਦੌਰਾਨ ਉਨ੍ਹਾਂ ਦੇ ਆਗੂਆਂ ਦਰਮਿਆਨ ਤਕਰਾਰ ਹੋਈ। ਭਾਜਪਾ ਵਰਕਰਾਂ ਨੇ ‘ਆਪ’ ਤੇ ਕਾਂਗਰਸ ਉੱਪਰ ਉਨ੍ਹਾਂ ਦੇ ਬੂਥ ਨੂੰ ਜਬਰੀ ਉਖਾੜਨ ਦਾ ਦੋਸ਼ ਲਗਾਇਆ ਜਦੋਂ ਕਿ ਕਾਂਗਰਸ ਤੇ ‘ਆਪ’ ਵਰਕਰਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਨੂੰ ਬੂਥ ਲਗਾਉਣ ਤੋਂ ਨਹੀਂ ਰੋਕਿਆ, ਸਿਰਫ ਅੱਡੇ ਤੋਂ ਹੋਰ ਪਾਸੇ ਬੂਥ ਲਗਾਉਣ ਲਈ ਕਿਹਾ ਸੀ। ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀਆਂ ਨੇ ਸਥਿਤੀ ’ਤੇ ਕਾਬੂ ਪਾਇਆ। ਦੂਜੇ ਪਾਸੇ ਪਿੰਡ ਗਿਹਲਣ ਵਿਚ ਵੀ ਦੋ ਪਾਰਟੀਆਂ ਆਪਸ ਵਿਚ ਭਿੜ ਗਈਆਂ। ਲੋਕ ਸਭਾ ਚੋਣਾਂ ਤਹਿਤ ਪਿੰਡ ਕੋਟਲੀ ਗਾਜਰਾਂ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਸਾਂਝਾ ਪੋਲਿੰਗ ਬੂਥ ਲਗਾ ਕੇ ਆਪਸੀ ਏਕਤਾ ਤੇ ਭਾਈਚਾਂਰਕ ਸਾਂਝ ਦੀ ਮਿਸਾਲ ਪੈਦਾ ਕੀਤੀ।
ਭੈਣੀ ਦਰੇੜਾ ਵਿੱਚ ਭਾਜਪਾ ਉਮੀਦਵਾਰ ਦਾ ਪੋਲਿੰਗ ਬੂਥ ਪੁੱਟਿਆ
ਰਾਏਕੋਟ (ਸੰਤੋਖ ਗਿੱਲ): ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਪੈਂਦੇ ਪਿੰਡ ਭੈਣੀ ਦਰੇੜਾ ਵਿੱਚ ਬੀਤੀ ਰਾਤ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਬਾਲਮੀਕੀ ਦੇ ਸਮਰਥਕਾਂ ਵੱਲੋਂ ਲਾਇਆ ਗਿਆ ਪੋਲਿੰਗ ਸਹਾਇਤਾ ਬੂਥ ਸਵੇਰ ਸਾਰ ਅਗਿਆਤ ਵਿਅਕਤੀਆਂ ਵੱਲੋਂ ਪੁੱਟ ਦਿੱਤਾ ਗਿਆ। ਇਸ ਪਿੰਡ ਵਿੱਚ ਦਿਨ ਸਮੇਂ ਮੁੜ ਕਿਸੇ ਭਾਜਪਾ ਵਰਕਰ ਵੱਲੋਂ ਬੂਥ ਸਥਾਪਤ ਕਰਨ ਦਾ ਯਤਨ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਬਾਰੇ ਕੋਈ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਗਈ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਪੁਲੀਸ ਕੋਲ ਇਸ ਬਾਰੇ ਕਿਸੇ ਨੇ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ਹੈ।