ਹਰਜੀਤ ਸਿੰਘ
ਡੇਰਾਬੱਸੀ, 1 ਜੂਨ
ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਮੱਥਾ ਟੇਕਣ ਗਏ ਤਿੰਨ ਨੌਜਵਾਨਾਂ ਦੀ ਯਮੁਨਾ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਿੰਨੋਂ ਜਣੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਮਗਰੋਂ ਯੁਮਨਾ ਨਦੀ ’ਚ ਨਹਾਉਣ ਗਏ ਸਨ। ਇਸ ਦੌਰਾਨ ਜਦੋਂ ਉਨ੍ਹਾਂ ’ਚੋਂ ਇਕ ਡੁੱਬਣ ਲੱਗਾ ਤਾਂ ਦੂਜੇ ਦੋਵੇਂ ਉਸ ਨੂੰ ਬਚਾਉਂਦੇ ਹੋਏ ਡੁੱਬ ਗਏ। ਇਹ ਤਿੰਨੋਂ ਆਪਸ ਵਿੱਚ ਦੋਸਤ ਸਨ ਤੇ ਮੁਹਾਲੀ ਦੀ ਇਕ ਆਈਟੀ ਕੰਪਨੀ ਵਿੱਚ ਨੌਕਰੀ ਕਰਦੇ ਸੀ। ਮ੍ਰਿਤਕਾਂ ਦੀ ਪਛਾਣ ਧੀਰੇਂਦਰ ਸਿੰਘ ਸੈਣੀ ਉਰਫ਼ ਪ੍ਰਿੰਸ (22) ਵਾਸੀ ਜੀਬੀਪੀ ਰੋਜ਼ਵੁੱਡ-1 ਕਲੋਨੀ, ਰਾਘਵ ਮਿਸ਼ਰਾ (21) ਵਾਸੀ ਰੋਜ਼ਵੁੱਡ-2 ਕਲੋਨੀ ਅਤੇ ਅਭਿਸ਼ੇਕ ਆਜ਼ਾਦ (21) ਵਾਸੀ ਗਣੇਸ਼ ਵਿਹਾਰ ਡੇਰਾਬੱਸੀ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚੋਂ ਪ੍ਰਿੰਸ ਅਤੇ ਅਭਿਸ਼ੇਕ ਦੋਵੇਂ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ, ਜਿਨ੍ਹਾਂ ਦੀਆਂ ਦੋ-ਦੋ ਭੈਣਾਂ ਹਨ ਜਦੋਂ ਕਿ ਰਾਘਵ ਦਾ ਇਕ ਹੋਰ ਭਰਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪ੍ਰਿੰਸ ਦੀ ਕਾਰ ਵਿੱਚ ਕੱਲ੍ਹ ਦੁਪਹਿਰ ਗੁਰਦੁਆਰਾ ਪਾਉਂਟਾ ਸਾਹਿਬ ਗਏ ਸਨ। ਕਰੀਬ ਪੰਜ ਵਜੇ ਉਹ ਯੁਮਨਾ ਨਦੀ ਵਿੱਚ ਨਹਾਉਣ ਲੱਗ ਪਏ। ਉਥੇ ਜਦੋਂ ਉਨ੍ਹਾਂ ’ਚੋਂ ਇਕ ਜਣਾ ਡੁੱਬਣ ਲੱਗਾ ਤਾਂ ਦੂਜੇ ਦੋਵੇਂ ਉਸ ਨੂੰ ਬਚਾਉਂਦੇ ਹੋਏ ਡੁੱਬ ਗਏ। ਪਾਉਂਟਾ ਸਾਹਿਬ ਪੁਲੀਸ ਨੂੰ ਸ਼ਾਮ ਛੇ ਵਜੇ ਤਿੰਨਾਂ ਦੇ ਡੁੱਬਣ ਦੀ ਸੂਚਨਾ ਮਿਲੀ, ਜਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢ ਕੇ ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅੱਜ ਲਾਸ਼ਾਂ ਹਾਸਲ ਕਰ ਲਈਆਂ ਹਨ। ਅਭਿਸ਼ੇਕ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਹਿਮਾਚਲ ਲੈ ਗਏ ਜਦਕਿ ਪ੍ਰਿੰਸ ਅਤੇ ਰਾਘਵ ਦੀ ਲਾਸ਼ ਦਾ ਡੇਰਾਬੱਸੀ-ਬਰਵਾਲਾ ਸਥਿਤ ਸੈਣੀ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਹੈ।