ਪੱਤਰ ਪ੍ਰੇਰਕ
ਮਾਨਸਾ, 1 ਜੂਨ
ਮਾਨਸਾ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਦਾ ਮਤਦਾਨ ਸ਼ਾਂਤੀ ਪੂਰਵਕ ਅਤੇ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਪੂਰੇ ਜ਼ਿਲ੍ਹੇ ਵਿਚ ਕੋਈ ਵੀ ਮਾਮਲਾ ਥਾਣੇ ਤੱਕ ਨਾ ਪੁੱਜਣ ਦੀ ਜਾਣਕਾਰੀ ਮਿਲੀ ਹੈ। ਵਿਆਹਾਂ ਵਾਂਗ ਸਜਾਏ ਪਿੰਕ, ਗਰੀਨ, ਯੂਥ ਅਤੇ ਪੀਡਬਲਿਊਡੀ ਪੋਲਿੰਗ ਬੂਥ ਵੋਟਰਾਂ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਕ, ਗਰੀਨ, ਯੂਥ ਅਤੇ ਪੀਡਬਲਿਊਡੀ ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 3 ਪਿੰਕ ਬੂਥ ਬਣਾਏ ਗਏ ਹਨ। ਇਨ੍ਹਾਂ ਪਿੰਕ ਪੋਲਿੰਗ ਬੂਥਾਂ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਰਦੂਲਗੜ੍ਹ, ਅਤੇ ਦਫ਼ਤਰ ਮਾਰਕੀਟ ਕਮੇਟੀ ਬੁਢਲਾਡਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਰੀਨ ਪੋਲਿੰਗ ਬੂਥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ, ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖ਼ੁਰਦ ਸਰਦੂਲਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਗੜ੍ਹ ਸੇਧਾ ਸਿੰਘ ਵਾਲਾ ਬੁਢਲਾਡਾ ਵਿਖੇ ਸਥਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੀ.ਡਬਲਿਊ.ਡੀ. ਵੋਟਰਾਂ ਦੀ ਸਹੂਲਤ ਲਈ ਹਰ ਪੋਲਿੰਗ ਸਟੇਸ਼ਨ ਉੱਪਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।