ਗਗਨਦੀਪ ਅਰੋੜਾ
ਲੁਧਿਆਣਾ, 1 ਜੂਨ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਲੜਕੇ ਨੇ ਦਾਅਵਾ ਕੀਤਾ ਕਿ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਘਰ ਆਏ ਸਨ ਤੇ ਪੱਪੀ ਦਾ ਸਮਰਥਨ ਕੀਤਾ। ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਆਖ ਰਹੇ ਸਨ ਕਿ ‘ਆਪ’ ਅਤੇ ਕਾਂਗਰਸ ਅੰਦਰਖਾਤੇ ਮਿਲੇ ਹੋਏ ਹਨ। ਇਸ ’ਤੇ ਰਾਜਾ ਵੜਿੰਗ ਨੇ ਵੀਡੀਓ ਜਾਰੀ ਕਰ ਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਸਮਰਥਨ ਨਹੀਂ ਦਿੱਤਾ ਜਿਸ ਬਾਰੇ ‘ਆਪ’ ਉਮੀਦਵਾਰ ਅਫ਼ਵਾਹਾਂ ਫੈਲਾ ਰਹੇ ਹਨ।
ਜਾਣਕਾਰੀ ਅਨੁਸਾਰ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਲੜਕੇ ਨੇ ਪਹਿਲਾਂ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ਉਹ ਸ਼ਾਹਪੁਰ ਰੋਡ ’ਤੇ ਬੂਥ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਰਾਜਾ ਵੜਿੰਗ ਦਾ ਕਾਫ਼ਲਾ ਆ ਕੇ ਰੁਕਿਆ। ਰਾਜਾ ਨੇ ਉਨ੍ਹਾਂ ਨੂੰ ਕਿਹਾ ਕਿ ਲੁਧਿਆਣਾ ਦੀ ਸੇਵਾ ਪੱਪੀ ਹੀ ਕਰ ਸਕਦੇ ਹਨ, ਇਹ ਕੰਮ ਉਨ੍ਹਾਂ ਕੋਲੋਂ ਨਹੀਂ ਹੋਵੇਗਾ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਬਿੱਟੂ ਤੇ ਪੱਪੀ ਦੋਵੇਂ ਰਲੇ ਹੋਏ ਹਨ। ਜੇ ਉਨ੍ਹਾਂ ਨੇ ਸਮਰਥਨ ਦੇਣਾ ਹੁੰਦਾ ਤਾਂ ਉਹ 20 ਦਿਨ ਪਹਿਲਾਂ ਹੀ ਦੇ ਦਿੰਦੇ। ਇਹ ਸਾਰੇ ਘਟੀਆ ਰਾਜਨੀਤੀ ’ਤੇ ਉਤਰ ਆਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨੂੰ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਸੀ, ਉਹ ਉਨ੍ਹਾਂ ਦੇ ਘਰ ਗਏ ਸਨ ਤੇ ਉੱਥੇ ਪੱਪੀ ਦਾ ਲੜਕਾ ਵੀ ਆ ਗਿਆ ਤੇ ਫੋਟੋ ਖਿਚਵਾਉਣ ਲੱਗਿਆ ਤੇ ਬਾਅਦ ’ਚ ਫੋਟੋ ਨੂੰ ਵਾਇਰਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰ ਕੇ ਵੋਟਾਂ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ।