ਇਕਬਾਲ ਸਿੰਘ ਸ਼ਾਂਤ
ਲੰਬੀ, 1 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਬਾਦਲ ਪਤੀ-ਪਤਨੀ ਦੋਵੇਂ ਧੀਆਂ ਗੁਰਲੀਨ ਕੌਰ, ਹਰਕੀਰਤ ਕੌਰ ਅਤੇ ਪੁੱਤਰ ਅਨੰਤਵੀਰ ਬਾਦਲ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਣ ਬੂਥ ਨੰਬਰ 125 ’ਤੇ ਵੋਟ ਪਾਉਣ ਪੁੱਜੇ। ਅਨੰਤਵੀਰ ਬਾਦਲ ਅਤੇ ਸਾਬਕਾ ਸਰਪੰਚ ਸੰਜਮ ਸਿੰਘ ਬਾਦਲ ਦੀ ਲੜਕੀ ਸੁਹਾਇਆ ਬਾਦਲ ਨੇ ਵੀ ਪਹਿਲੀ ਵਾਰ ਵੋਟ ਪਾਈ। ਇਸੇ ਬੂਥ ’ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਖੁਦ ਜੀਪ ਚਲਾ ਕੇ ਵੋਟ ਪਾਉਣ ਪੁੱਜੇ। ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ ਅਤੇ ਕਾਂਗਰਸ ਆਗੂ ਫਤਿਹ ਸਿੰਘ ਬਾਦਲ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਲੋਕ ਸਭਾ ਚੋਣਾਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ: ਮਜੀਠੀਆ
ਮਜੀਠਾ (ਲਖਨਪਾਲ ਸਿੰਘ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਤੇ ਹਲਕਾ ਮਜੀਠਾ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਮਜੀਠਾ ਸਥਿਤ ਪਾਵਰਕੌਮ ਦਫਤਰ ਕੰਪਲੈਕਸ ਦੇ ਪੋਲਿੰਗ ਬੂਥ ਵਿੱਚ ਵੋਟਾਂ ਪਾਈਆਂ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਇਹ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਇਸ ਵੇਲੇ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਐੱਸਸੀ ਭਾਈਚਾਰੇ ਦੇ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੀ ਹੈ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਲੋਕ ਭਲਾਈ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਹਨ, ਲੋਕਾਂ ਨੂੰ ਮਿਲਦੀ ਕਣਕ 30 ਕਿਲੋ ਤੋਂ ਪੰਜ ਕਿਲੋ ਕਰ ਦਿੱਤੀ ਗਈ ਹੈ। ਅਕਾਲੀ ਦਲ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਦੀ ਲੜਾਈ ਲੜ ਰਿਹਾ ਹੈ।