ਇਕਬਾਲ ਸਿੰਘ ਸ਼ਾਂਤ
ਲੰਬੀ, 1 ਜੂਨ
ਬਠਿੰਡਾ ਲੋਕ ਸਭਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੋਟ ਪਾਉਣ ਮੌਕੇ ਵੀਵੀਪੈਟ ਮਸ਼ੀਨ ਜਵਾਬ ਦੇ ਗਈ ਜਿਸ ਕਰਕੇ ਮੰਤਰੀ ਨੂੰ ਲਗਪਗ 20-25 ਮਿੰਟ ਤੱਕ ਨਵੀਂ ਮਸ਼ੀਨ ਆਉਣ ਦੀ ਉਡੀਕ ਕਰਨੀ ਪਈ। ਇਸ ਦੌਰਾਨ ਚੋਣ ਬੂਥ ’ਤੇ ਵੋਟ ਕਾਰਜ ਠੱਪ ਰਿਹਾ। ਸ੍ਰੀ ਖੁੱਡੀਆਂ ਉਨ੍ਹਾਂ ਦੇ ਕੈਨੇਡੀਅਨ ਭਰਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਖੁੱਡੀਆਂ ਗੁਲਾਬ ਸਿੰਘ ਦੇ ਸਰਕਾਰੀ ਹਾਈ ਸਕੂਲ ਵਿੱਚ ਸਥਿਤ ਚੋਣ ਬੂਥ 90 ’ਤੇ ਵੋਟ ਪਾਉਣ ਪੁੱਜੇ ਸਨ। ਮੰਤਰੀ ਦਾ ਉਥੇ ਪਹਿਲੀ ਵੋਟ ਪਾਉਣ ਦਾ ਪ੍ਰੋਗਰਾਮ ਸੀ। ਨਵੀਂ ਮਸ਼ੀਨ ਆਉਣ ਮਗਰੋਂ ਖੁੱਡੀਆਂ ਨੇ ਆਪਣੀ ਵੋਟ ਪਾਈ। ਚੋਣ ਬੂਥ ਦੇ ਪ੍ਰੀਜ਼ਾਇਡਿੰਗ ਅਫ਼ਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵੀਵੀਪੈਟ ਮਸ਼ੀਨ ‘ਚ ਦਿੱਕਤ ਆ ਗਈ ਸੀ। ਕੁਝ ਹੀ ਮਿੰਟਾਂ ‘ਚ ਨਵੀਂ ਮਸ਼ੀਨ ਮੰਗਵਾ ਕੇ ਚੋਣ ਅਮਲ ਸੁਚਾਰੂ ਚਲਾ ਦਿੱਤਾ ਗਿਆ ਸੀ।
ਇਸ ਤਰ੍ਹਾਂ ਬਠਿੰਡਾ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਪਿੰਡ ਖੁੱਡੀਆਂ ਗੁਲਾਬ ਸਿੰਘ ਦੇ ਚੋਣ ਬੂਥ 89 ’ਤੇ ਵੋਟ ਪਾਈ। ਆਜ਼ਾਦ ਉਮੀਦਵਾਰ ਖੁੱਡੀਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਭਰਵੇਂ ਹੁੰਗਾਰੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਇਸੇ ਤਰ੍ਹਾਂ ਲੰਬੀ ਹਲਕੇ ਵਿਖੇ ਪਿੰਡ ਸਿੰਘੇਵਾਲਾ ਦੇ ਚੋਣ ਬੂਥ 131 ’ਤੇ ਇੱਕ ਆਮ ਨੌਜਵਾਨ ਨੂੰ ਵੋਟਰਾਂ ਦੀਆਂ ਪਰਚੀ ਕੱਟਣ ‘ਤੇ ਲਗਾ ਦਿੱਤਾ ਗਿਆ ਜਿਸ ਦਾ ਚੋਣ ਅਮਲੇ ਨਾਲ ਦੂਰ-ਦੂਰ ਦਾ ਵਾਸਤਾ ਨਹੀਂ ਸੀ। ਜਿਸਦੀ ਵਜ੍ਹਾ ਚੋਣ ਬੂਥ ‘ਤੇ ਮੁਲਾਜ਼ਮਾਂ ਦੀ ਘਾਟ ਅਤੇ ਵੋਟਰਾਂ ਦੀ ਲੰਮੀਆਂ ਕਤਾਰਾਂ ਨੂੰ ਦੱਸਿਆ ਗਿਆ। ਬੂਥ ਦੇ ਪ੍ਰੀਜ਼ਾਇਡਿੰਗ ਅਫ਼ਸਰ ਰਾਕੇਸ਼ ਦਾ ਕਹਿਣਾ ਸੀ ਕਿ ਅਮਲਾ ਘੱਟ ਹੋਣ ਕਰਕੇ ਵੋਟ ਕਾਰਜ ਸੁਚਾਰੂ ਬਣਾਉਣ ਲਈ ਸਾਰੇ ਪੋਲਿੰਗ ਏਜੰਟਾਂ ਦੀ ਸਹਿਮਤੀ ਨਾਲ ਹੀ ਪਿੰਡ ਦੇ ਨੌਜਵਾਨ ਨੂੰ ਪਰਚੀਆਂ ਕੱਟਣ ‘ਤੇ ਵਲੰਟੀਅਰਲੀ ਲਗਾਇਆ ਗਿਆ ਹੈ। ਦੂਜੇ ਪਾਸੇ ਲੰਬੀ ਦੇ ਏਆਰਓ-ਕਮ-ਏਡੀਸੀ ਸੰਜੀਵ ਸ਼ਰਮਾ ਦਾ ਕਹਿਣਾ ਸੀ ਕਿ ਇਹ ਜਾਂਚ ਦਾ ਵਿਸ਼ਾ ਹੈ।