ਲੋਕ ਸਭਾ ਚੋਣਾਂ
ਸ਼ਗਨ ਕਟਾਰੀਆ
ਬਠਿੰਡਾ, 1 ਜੂਨ
ਪੰਜਾਬ ਦੀ ਹੌਟ ਸੀਟ ਮੰਨੇ ਜਾਂਦੇ ਲੋਕ ਸਭਾ ਹਲਕੇ ਬਠਿੰਡਾ ’ਚ ਅੱਜ ਤਾਬੜਤੋੜ ਵੋਟਾਂ ਪਈਆਂ। ਸ਼ਾਮ ਨੂੰ 5 ਵਜੇ ਤੱਕ ਮਿਲੇ ਅੰਕੜਿਆਂ ਅਨੁਸਾਰ ਇੱਥੇ 59.25 ਪ੍ਰਤੀਸ਼ਤ ਪੋਲਿੰਗ ਦਰਜ ਕੀਤੀ ਗਈ ਹਾਲਾਂਕਿ 5 ਵਜੇ ਤੋਂ ਬਾਅਦ ਦੇ ਅੰਕੜੇ ਰਾਤ 9:30 ਵਜੇ ਤੱਕ ਨਸ਼ਰ ਨਹੀਂ ਕੀਤੇ ਗਏ। ਪੰਜ ਵਜੇ ਤੱਕ ਦੇ ਅੰਕੜਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਲੰਬੀ ’ਚ 59.8 ਫੀਸਦੀ, ਭੁੱਚੋ ਮੰਡੀ 52.76, ਬਠਿੰਡਾ (ਸ਼ਹਿਰੀ) 56.2, ਬਠਿੰਡਾ (ਦਿਹਾਤੀ) 61.3, ਤਲਵੰਡੀ ਸਾਬੋ 58, ਮੌੜ 61, ਮਾਨਸਾ 59, ਸਰਦੂਲਗੜ੍ਹ 65.3 ਅਤੇ ਬੁਢਲਾਡਾ ਹਲਕੇ ’ਚ 61 ਫੀਸਦੀ ਵੋਟਾਂ ਪਈਆਂ।
ਇਸ ਹਲਕੇ ’ਚ ਮਾਮੂਲੀ ਬੋਲ-ਬੁਲਾਰੇ ਨੂੰ ਛੱਡ ਕੇ ਪੁਰ ਅਮਨ ਵੋਟਾਂ ਪਈਆਂ। ਉਂਜ ਤਾਂ ਹਲਕੇ ’ਚ ਕੁੱਲ 18 ਉਮੀਦਵਾਰ ਚੋਣ ਮੈਦਾਨ ਵਿਚ ਹਨ ਪਰ ਇੱਥੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ, ਭਾਜਪਾ ਦੇ ਪਰਮਪਾਲ ਕੌਰ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲਖਵੀਰ ਸਿੰਘ (ਲੱਖਾ ਸਿਧਾਣਾ) ਵਿਚਕਾਰ ਮੰਨਿਆ ਜਾ ਰਿਹਾ ਹੈ। ਫਿਲਹਾਲ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮਜ਼ ਵਿੱਚ ਬੰਦ ਹੋ ਗਈ ਹੈ। ਫ਼ਤਿਹ ਵੱਲ ਕੌਣ ਉਡਾਰੀ ਮਾਰਦਾ ਹੈ, ਇਸ ਦਾ ਨਿਤਾਰਾ ਦੋ ਦਿਨਾਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਸਮੇਂ ਹੋਵੇਗਾ। ਇਸ ਵਕਤ ਸਾਰੇ ਹੀ ਉਮੀਦਵਾਰ ਆਪਣਾ ਪੱਲੜਾ ਭਾਰੀ ਹੋਣ ਦਾ ਦਾਅਵਾ ਕਰ ਰਹੇ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਪਰਮਵੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਵਿੱਚ ਵੋਟਾਂ ਪਾਉਣ ਸੰਬੰਧੀ ਲੋਕਾਂ ’ਚ ਵੋਟਾਂ ਪਾਉਣ ਦਾ ਰੁਝਾਨ ਕਾਫ਼ੀ ਵਧੀਆ ਰਿਹਾ। ਉਨ੍ਹਾਂ ਕਿਹਾ ਕਿ 3 ਵਜੇ ਤੱਕ ਮਾਨਸਾ ਵਿਚ 47.9 ਫੀਸਦੀ, ਸਰਦੂਲਗੜ੍ਹ ਵਿਚ 52.52 ਅਤੇ ਬੁਢਲਾਡਾ ਵਿਚ 51.9 ਪ੍ਰਤੀਸ਼ਤ ਵੋਟ ਭੁਗਤ ਗਈਆਂ। ਮਾਨਸਾ ਵਿਚ ਸ਼ਾਮ ਪੰਜ ਵਜੇ ਤੱਕ 59.2, ਸਰਦੂਲਗੜ੍ਹ ਵਿੱਚ 65.30 ਅਤੇ ਬੁਢਲਾਡਾ ਵਿਚ 66.3 ਪ੍ਰਤੀਸ਼ਤ ਹੋ ਗਈ। ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਆਰੀਆ ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਵਿਖੇ ਸਥਾਪਿਤ ਪੋਲਿੰਗ ਬੂਥ ਨੰਬਰ-82 ’ਤੇ ਵੋਟ ਪਾਉਣ ਲਈ ਲੱਗੀ ਲਾਈਨ ਵਿਚ ਲੱਗਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਫਰੀਦਕੋਟ (ਜਸਵੰਤ ਜੱਸ): ਫਰੀਦਕੋਟ ਲੋਕ ਸਭਾ ਹਲਕੇ ਵਿੱਚ ਹੁਣ ਤੱਕ ਮਿਲੀ ਸੂਚਨਾ ਅਨੁਸਾਰ 58 ਫੀਸਦੀ ਪੋਲਿੰਗ ਹੋਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇੱਥੇ 63 ਫੀਸਦੀ ਤੋਂ ਵੱਧ ਪੋਲਿੰਗ ਹੋਈ ਸੀ। ਚੋਣ ਕਮਿਸ਼ਨ ਨੇ 70 ਫੀਸਦੀ ਤੱਕ ਪੋਲਿੰਗ ਦਾ ਟੀਚਾ ਮਿਥਿਆ ਸੀ ਜੋ ਪੂਰਾ ਨਹੀਂ ਹੋ ਸਕਿਆ। ਵੋਟਰਾਂ ਨੂੰ ਸਹੂਲਤ ਦੇਣ ਲਈ ਕਰੀਬ 30 ਹਜ਼ਾਰ ਦੇ ਕਰੀਬ ਵੋਟਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਤੋਂ ਘਰੇ ਵੋਟਾਂ ਪਾਉਣ ਦੀ ਸਹੂਲਤ ਦਿੱਤੀ ਸੀ। ਇਸ ਦੇ ਬਾਵਜੂਦ ਚਾਰ ਫੀਸਦੀ ਵੋਟ ਪੋਲਿੰਗ ਪਿਛਲੀ ਲੋਕ ਸਭਾ ਚੋਣ ਨਾਲੋਂ ਘਟੀ ਹੈ।
ਤਲਵੰਡੀ ਸਾਬੋ (ਜਗਜੀਤ ਸਿੰਘ ਿਸੱਧੂ): ਲੋਕ ਸਭਾ ਹਲਕਾ ਬਠਿੰਡਾ ਤੋਂ ਬਸਪਾ ਉਮੀਦਵਾਰ ਨਿੱਕਾ ਸਿੰਘ (ਲਖਵੀਰ) ਨੇ ਅੱਜ ਆਪਣੇ ਪਿੰਡ ਸ਼ੇਖਪੁਰਾ ਦੇ ਪੋਲਿੰਗ ਬੂਥ ’ਤੇ ਪੁੱਜ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਵੋਟਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਲੋਕ ਸਭਾ ਲਈ ਪੈ ਰਹੀਆਂ ਵੋਟਾਂ ਦੌਰਾਨ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਪਿਤਾ ਦਰਸ਼ਨ ਸਿੰਘ ਸਮੇਤ ਆਪਣੇ ਪੇਕੇ ਪਿੰਡ ਜਗ੍ਹਾ ਰਾਮ ਤੀਰਥ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੋਲਿੰਗ ਬੂਥ ’ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਜ਼ਿਲ੍ਹਾ ਮੋਗਾ ਅਧੀਨ ਪੈਂਦੇ 4 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 57.5 ਫੀਸਦੀ ਤੋਂ ਵਧੇਰੇ ਵੋਟਿੰਗ ਦਰਜ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ 53 ਫੀਸਦੀ, ਬਾਘਾਪੁਰਾਣਾ ਵਿੱਚ 60 ਫੀਸਦੀ, ਮੋਗਾ ਵਿੱਚ 51 ਫੀਸਦੀ ਅਤੇ ਧਰਮਕੋਟ ਵਿੱਚ 64 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਸ੍ਰੀ ਮੁਕਸਤਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਹਲਕਾ ਫਿਰੋਜ਼ਪੁਰ ਤੋਂ ਆਪ ਉਮੀਦਵਾਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮੁਕਤਸਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਬੂਥ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਵੋਟ ਭੁਗਤਾਈ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਤੇ ਪਰਿਵਾਰ ਤੇ ਹੋਰ ਮੈਂਬਰ ਵੀ ਮੌਜੂਦ ਸਨ।
ਪਿੰਡ ਕਾਲੂ ਵਾਲਾ ਵਿੱਚ ਫੌਜ ਦੀ ਕਿਸ਼ਤੀ ਰਾਹੀਂ ਲਿਆਂਦੇ ਵੋਟਰ
ਫਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਅੱਜ ਲੋਕ ਸਭਾ ਚੋਣਾਂ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ਹਾਲਾਂਕਿ ਇਸ ਹਲਕੇ ਵਿਚ ਉਮੀਦ ਤੋਂ ਘੱਟ 57.68 ਫ਼ੀਸਦ ਪੋਲਿਗ ਹੀ ਹੋਈ ਹੈ ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 70 ਫ਼ੀਸਦੀ ਦੇ ਆਸ-ਪਾਸ ਪੋਲਿੰਗ ਹੋਣ ਦੀ ਉਮੀਦ ਸੀ। ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਆਮ ਜਨਤਾ ਨੂੰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਇਸ ਲਈ ਕਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਸੀ ਪਰ ਇਸਦੇ ਬਾਵਜੂਦ ਆਮ ਜਨਤਾ ਵੱਲੋਂ ਵੋਟ ਪਾਉਣ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਗਈ। ਇਸ ਦੇ ਪਿੱਛੇ ਗਰਮੀ ਨੂੰ ਵੀ ਇੱਕ ਵਜ੍ਹਾ ਮੰਨਿਆ ਜਾ ਰਿਹਾ ਹੈ। ਇਥੇ ਸਰਹੱਦ ਦੇ ਨਾਲ ਲੱਗਦੇ ਪਿੰਡ ਕਾਲੂ ਵਾਲਾ ਦੇ ਲੋਕਾਂ ਨੂੰ ਵੋਟ ਪੁਆਉਣ ਵਾਸਤੇ ਫੌਜ ਵੱਲੋਂ ਸਪੈਸ਼ਲ ਮੋਟਰ ਵਾਲੀ ਕਿਸ਼ਤੀ ਦਾ ਇੰਤਜ਼ਾਮ ਕੀਤਾ ਗਿਆ ਸੀ। ਫੌਜ ਦੇ ਜਵਾਨ ਇਸ ਪਿੰਡ ਦੇ ਲੋਕਾਂ ਨੂੰ ਮੋਟਰ ਬੋਟ ਦੇ ਜ਼ਰੀਏ ਪੋਲਿੰਗ ਸਟੇਸ਼ਨ ਤੱਕ ਲੈ ਕੇ ਆਏ। ਦੱਸ ਦਈਏ ਕਿ ਇਹ ਪਿੰਡ ਤਿੰਨ ਪਾਸਿਉਂ ਸਤਲੁਜ ਦਰਿਆ ਵਿੱਚ ਘਿਰਿਆ ਹੋਇਆ ਹੈ ਤੇ ਚੌਥਾ ਪਾਸਾ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦਾ ਹੈ।