ਪੇਈਚਿੰਗ, 2 ਜੂਨ
ਚੀਨ ਦਾ ਇਕ ਪੁਲਾੜ ਯਾਨ ਮਿੱਟੀ ਅਤੇ ਚੱਟਾਨ ਦੇ ਨਮੂਨੇ ਇਕੱਤਰ ਕਰਨ ਵਾਸਤੇ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਤਹਿਤ ਅੱਜ ਚੰਦ ਦੇ ਬਹੁਤ ਘੱਟ ਜਾਣ ਜਾਂਦੇ ਹਿੱਸੇ ਵਿੱਚ ਉਤਰਿਆ। ਇਹ ਨਮੂਨੇ ਚੰਦ ਦੇ ਘੱਟ ਖੋਜੇ ਗਏ ਖੇਤਰ ਅਤੇ ਚੰਗੀ ਤਰ੍ਹਾਂ ਜਾਣੇ ਜਾਂਦੇ ਇਸ ਦੇ ਨੇੜਲੇ ਹਿੱਸੇ ਵਿਚਾਲੇ ਅੰਤਰ ਬਾਰੇ ਜਾਣਕਾਰੀਆਂ ਮੁਹੱਈਆ ਕਰਵਾ ਸਕਦੇ ਹਨ। ਚੀਨ ਦੇ ਕੌਮੀ ਪੁਲਾੜ ਪ੍ਰਸ਼ਾਸਨ ਮੁਤਾਬਕ, ਚਾਂਗ ਏ-6 ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਦੱਖਣੀ ਧਰੁੱਵ-ਐਟਕੇਨ ਬੇਸਿਨ ਨਾਮ ਦੇ ਇਕ ਵਿਸ਼ਾਲ ਖੱਡੇ ਵਿੱਚ ਪੇਈਚਿੰਗ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 6.23 ਵਜੇ ਉਤਰਿਆ। ਚਾਂਗ ਏ-6 ਵਿੱਚ ਇਕ ਆਰਬਿਟਰ, ਇਕ ਰਿਟਰਨਰ, ਇਕ ਲੈਂਡਰ ਅਤੇ ਇਕ ਆਰੋਹਕ ਹੈ। ਇਸ ਮਿਸ਼ਨ ਦਾ ਨਾਮ ਚੀਨ ਦੀ ਪੁਰਾਤਨ ਚੰਦਰਮਾ ਦੇਵੀ ਦੇ ਨਾਮ ’ਤੇ ਰੱਖਿਆ ਗਿਆ ਹੈ। ਚੀਨ ਦਾ ਉਦੇਸ਼ 2030 ਤੋਂ ਪਹਿਲਾਂ ਚੰਦ ’ਤੇ ਇਕ ਮਨੁੱਖ ਨੂੰ ਭੇਜਣਾ ਹੈ ਜਿਸ ਨਾਲ ਉਹ ਅਮਰੀਕਾ ਤੋਂ ਬਾਅਦ ਅਜਿਹਾ ਕਰਨ ਵਾਲਾ ਦੂਜਾ ਦੇਸ਼ ਬਣ ਜਾਵੇਗਾ। -ਪੀਟੀਆਈ