ਪੇਈਚਿੰਗ: ਚੀਨ ਦਾ ਇਕ ਪੁਲਾੜ ਵਾਹਨ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕਰਨ ਲਈ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਤਹਿਤ ਐਤਵਾਰ ਨੂੰ ਚੰਦਰਮਾ ਦੇ ਦੂਰ ਵਾਲੇ ਹਿੱਸੇ ’ਚ ਉਤਰਿਆ। ਇਹ ਨਮੂਨੇ ਚੰਦਰਮਾ ਦੇ ਘੱਟ ਖੋਜ ਵਾਲੇ ਹਿੱਸੇ ਅਤੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕੀਤੇ ਨੇੜਲੇ ਹਿੱਸੇ ਵਿਚਕਾਰਲੇ ਫਰਕ ਬਾਰੇ ਜਾਣਕਾਰੀਆਂ ਉਪਲੱਬਧ ਕਰਵਾ ਸਕਦੇ ਹਨ। ਚੀਨ ਦੇ ਕੌਮੀ ਪੁਲਾੜ ਪ੍ਰਸ਼ਾਸਨ ਮੁਤਾਬਕ ਚਾਂਗ’ਏ-6 ਮਾਨਵੀ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਧਰੁੱਵ-ਐਟਕੇਨ ਬੇਸਿਨ ਨਾਮ ਦੇ ਇਕ ਵੱਡੇ ਹਿੱਸੇ ’ਚ ਪੇਈਚਿੰਗ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 6 ਵਜ ਕੇ 23 ਮਿੰਟ ’ਤੇ ਉਤਰਿਆ। ਚਾਂਗ’ਏ-6 ’ਚ ਇਕ ਆਰਬਿਟਰ, ਇਕ ਰਿਟਰਨਰ, ਇਕ ਲੈਂਡਰ ਅਤੇ ਇਕ ਅਸੈਂਡਰ ਹੈ। ਇਸ ਮਿਸ਼ਨ ਦਾ ਨਾਮ ਚੀਨ ਦੀ ਪੁਰਾਤਨ ਚੰਦਰਮਾ ਦੇਵੀ ਦੇ ਨਾਮ ’ਤੇ ਰੱਖਿਆ ਗਿਆ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਇਕ ਲਾਈਟ ਕੈਮਰਾ ਨੇ ਚੰਦਰਮਾ ਦੀ ਸਤਹਿ ’ਤੇ ਉਜਾਲੇ ਅਤੇ ਹਨੇਰੇ ਦੇ ਆਧਾਰ ’ਤੇ ਸੁਰੱਖਿਅਤ ਉਤਰਨ ਲਈ ਥਾਂ ਦੀ ਚੋਣ ਕੀਤੀ। ਮਿਸ਼ਨ ਨੂੰ ਚੰਦਰਮਾ ਦੇ ਦੂਰ-ਦੁਰਾਡੇ ਵਾਲੇ ਹਿੱਸੇ ’ਚੋਂ ਨਮੂਨੇ ਇਕੱਠੇ ਕਰਕੇ ਪਰਤਣ ਦਾ ਜ਼ਿੰਮਾ ਦਿੱਤਾ ਗਿਆ ਹੈ ਜੋ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਹੈ। ਭਾਰਤ ਪਿਛਲੇ ਸਾਲ ਚੰਦਰਮਾ ਦੇ ਦੱਖਣੀ ਧਰੁੱਵ ਨੇੜੇ ਉਤਰਨ ਵਾਲਾ ਪਹਿਲਾ ਮੁਲਕ ਬਣ ਗਿਆ ਸੀ। ਪ੍ਰਗਿਆਨ ਰੋਵਰ ਨੂੰ ਲੈ ਕੇ ਜਾ ਰਿਹਾ ਉਸ ਦਾ ਚੰਦਰਯਾਨ-3 ਦਾ ਲੈਂਡਰ ਉਥੇ ਸਫ਼ਲਤਾਪੂਰਵਕ ਉਤਰਿਆ ਸੀ। -ਪੀਟੀਆਈ