ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਜੂਨ
ਲੋਕ ਸਭਾ ਚੋਣਾਂ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ-ਮੁਹੱਲਿਆਂ ’ਚ ਸਿਆਸੀ ਪਾਰਟੀਆਂ ਵੱਲੋਂ ਪਾਇਆ ਜਾ ਰਿਹਾ ਸ਼ੋਰ-ਸ਼ਰਾਬਾ ਵੋਟਾਂ ਪੈਣ ਮਗਰੋਂ ਸ਼ਾਂਤ ਹੋ ਗਿਆ ਹੈ। ਪ੍ਰਸ਼ਾਸਨ ਤੇ ਪੁਲੀਸ ਨਾਲ ਸਬੰਧਤ ਮੁਲਾਜ਼ਮਾਂ ਨੇ ਤਾਂ ਸੁੱਖ ਦਾ ਸਾਹ ਲਿਆ ਹੀ ਹੈ, ਇਸ ਦੇ ਨਾਲ ਹਰ ਰੋਜ਼ ਨਵੇਂ-ਨਵੇਂ ਟੋਟਕੇ ਸੁਣ ਕੇ ਮਨ ਪਰਚਾਉਣ ਵਾਲੇ ਵੋਟਰਾਂ ਨੇ ਵੀ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਵੱਲ ਰੁਖ ਕਰ ਲਿਆ ਹੈ। ਲੋਕ ਹੁਣ ਕਹਿਣ ਲੱਗੇ ਹਨ, ‘‘ਲਉ ਜੀ ਵੋਟਾਂ ਪੈ ਗਈਆਂ ਲੀਡਰ ਹੁਣ ਪਹਾੜੀਆਂ ਵੱਲ ਨੂੰ ਤੇ ਆਮ ਲੋਕ ਦਿਹਾੜੀਆਂ ਵੱਲ ਨੂੰ।’’ ਇਹ ਗੱਲ ਹੈ ਵੀ ਬਿਲਕੁਲ ਸੱਚੀ। ਸਿਆਸੀ ਆਗੂ ਪ੍ਰਚਾਰ ਤੋਂ ਬਾਅਦ ਆਪਣੀ ਥਕਾਵਟ ਲਿਹਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਗਤੀਵਿਧੀਆਂ ਕਰ ਰਹੇ ਹਨ ਤੇ ਉਨ੍ਹਾਂ ਦੇ ਸਮਰਥਕ ਵੀ ਆਪਣੇ ਕੰਮਾਂ ’ਚ ਮੁੜ ਰੁਝ ਗਏ ਹਨ। ਵੋਟਾਂ ਦੇ ਦਿਨਾਂ ਵਿੱਚ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ, ਰੁੱਸਿਆਂ ਨੂੰ ਮਨਾਉਣ ਦੀ ਗੱਲ, ਲੀਡਰਾਂ ਦੇ ਵਾਅਦਿਆਂ ਨਾਲ ਭਰਪੂਰ ਲੱਛੇਦਾਰ ਭਾਸ਼ਣ ਤੇ ਰਾਜਨੀਤਿਕ ਲੀਡਰਾਂ ਵੱਲੋਂ ਇੱਕ-ਦੂਜੇ ’ਤੇ ਕੀਤੀ ਜਾਣ ਵਾਲੀ ਦੂਸ਼ਣਬਾਜ਼ੀ ਫਿਲਹਾਲ ਥੰਮ ਗਈ ਹੈ। ਹਰ ਰੋਜ਼ ਨਵੇਂ ਖਾਣੇ, ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ ਦਾ ਆਨੰਦ ਲੈਣ ਵਾਲਿਆਂ ਨੂੰ ਫਰਜ਼ੀ ਸਵਰਗਾਂ ਦਾ ਝੂਟਾ ਦਿਵਾਉਣ ਵਾਲੇ ਲੀਡਰਾਂ ਦੀਆਂ ਕੀਤੀਆਂ ਗੱਲਾਂ ਇੱਕ ਯਾਦ ਬਣ ਰਹਿ ਗਈਆਂ ਹਨ। ਬਾਜ਼ਾਰਾਂ ’ਚ ਝੰਡੀਆਂ ਤੋਂ ਸੱਖਣੇ ਡੰਡੇ ਨਜ਼ਰ ਆ ਰਹੇ ਹਨ ਤੇ ਬੂਥ ਲਗਾਉਣ ਲਈ ਕਿਰਾਏ ’ਤੇ ਲਏ ਟੈਂਟਾਂ ਦੇ ਕਿਰਾਏ ਦਾ ਹਿਸਾਬ ਕਿਤਾਬ ਸ਼ੁਰੂ ਹੋ ਗਿਆ ਹੈ। ਆਪਣੇ ਪਰਿਵਾਰਾਂ ਦੀਆਂ ਤੰਗੀਆਂ ਤੁਰਸ਼ੀਆਂ ਨਾਲ ਜੂਝਣ ਵਾਲੇ ਲੋਕ ਪਤਾ ਨਹੀਂ ਕਦੋਂ ਇਸ ਉਲਝੀ ਤਾਣੀ ’ਚੋਂ ਬਾਹਰ ਆਉਣਗੇ ਤੇ ਲੀਡਰਾਂ ਮਗਰ ਗੇੜੇ ਲਗਾਉਣ ਦੀ ਥਾਂ ਆਪਣੇ ਪਰਿਵਾਰਾਂ ਨੂੰ ਪਹਿਲ ਦੇਣ ਦੀ ਗੱਲ ਕਰਨਗੇ।