ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਜੂਨ
ਪਿੰਡ ਹਾਮਝੇੜੀ ਵਿੱਚ ਸ਼ੁਕਰਵਾਰ ਨੂੰ ਦਿਨ ਦਿਹਾੜੇ ਮੇਘਾ ਸਿੰਘ (60) ਦੇ ਕਤਲ ਮਾਮਲੇ ’ਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਤੜਾਂ ਜਾਖਲ ਸੜਕ ’ਤੇ ਲਾਸ਼ ਰੱਖ ਕੇ ਕਈ ਘੰਟਿਆਂ ਤੱਕ ਆਵਾਜਾਈ ਠੱਪ ਕੀਤੀ। ਇਸ ਮਾਮਲੇ ’ਚ ਪਾਤੜਾਂ ਪੁਲੀਸ ਨੇ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਧਰਨੇ ਦੌਰਾਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੁਲੀਸ ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਮਾਂ ਮੰਗੇ ਜਾਣ ’ਤੇ ਪਰਿਵਾਰਕ ਮੈਂਬਰਾਂ ਨੇ ਜਾਮ ਖੋਲ੍ਹਿਆ। ਸੋਮਵਾਰ ਸ਼ਾਮ ਤੱਕ ਗ੍ਰਿਫ਼ਤਾਰੀਆਂ ਨਾ ਹੋਣ ਦੀ ਸੂਰਤ ਵਿੱਚ ਮੁੜ ਤੋਂ ਜਾਮ ਲਗਾਉਣ ਦਾ ਐਲਾਨ ਕਰਦਿਆਂ ਮ੍ਰਿਤਕ ਦਾ ਸਸਕਾਰ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਉੱਤੇ ਧਰਾਵਾਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਪੁਲੀਸ ਨੇ ਇੱਕ ਔਰਤ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਏ ਜਾਣ ਦਾ ਦਾਅਵਾ ਕਰਦਿਆਂ ਬਾਕੀ ਮੁਲਜ਼ਮਾਂ ਨੂੰ 24 ਘੰਟੇ ਵਿੱਚ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ। ਸਿਖਰ ਦੁਪਹਿਰੇ ਸਟੇਟ ਹਾਈਵੇ ’ਤੇ ਧਰਨਾ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਸ਼ ਦੀ ਸੁਰੱਖਿਆ ਲਈ ਫ਼ੌਜ ਦੀ ਡਿਊਟੀ ਕਰ ਰਿਹਾ ਹੈ ਪਰ ਉਸ ਦਾ ਪਰਿਵਾਰ ਪਿੱਛੇ ਸੁਰੱਖਿਅਤ ਨਹੀਂ। ਮਾਰਚ ਮਹੀਨੇ ਵੀ ਉਸ ਦੇ ਮਾਪਿਆਂ ਨੂੰ ਪਿੰਡ ਵਿੱਚ ਰਹਿੰਦੇ ਕੁੱਝ ਵਿਅਕਤੀਆਂ ਨੇ ਕੁੱਟਮਾਰ ਕਰਕੇ ਜ਼ਖ਼ਮੀ ਕੀਤਾ ਸੀ। 31 ਮਈ ਨੂੰ ਉਸ ਦੇ ਪਿਤਾ ਦੀ ਪਿੰਡ ਦੇ ਕੁਝ ਵਿਅਕਤੀ ਨੇ ਹੱਤਿਆ ਕਰ ਦਿੱਤੀ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਪਰ ਬਣਦੀ ਧਾਰਾ ਨਹੀਂ ਲਗਾਈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਜਦੋਂ ਕਿ ਮੁਲਜ਼ਮ ਖੁੱਲ੍ਹੇ ਆਮ ਫਿਰਦੇ ਮੋਬਾਈਲ ਰਿਕਾਰਡਿੰਗਾਂ ਭੇਜ ਕੇ ਸਾਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਥਾਣਾ ਪਾਤੜਾਂ ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੇਘਾ ਸਿੰਘ ਦੀ ਪਤਨੀ ਸੁਨੀਤਾ ਰਾਣੀ ਦੇ ਬਿਆਨਾਂ ਦੇ ’ਤੇ ਦਵਿੰਦਰ ਸਿੰਘ, ਜੀਤ ਸਿੰਘ, ਮੀਤੋ ਕੌਰ, ਨਵਜੋਤ ਕੌਰ, ਵੀਰਮਤੀ ਕੌਰ, ਜਰਨੈਲ ਸਿੰਘ, ਰਮੇਸ਼ ਚੰਦ, ਕਾਲਾ ਸਿੰਘ, ਲਾਲੂ, ਲਾਡੀ ਵਾਸੀ ਹਾਮਝੇੜੀ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਤੇੇ ਹੁਣ ਉਸ ਵਿੱਚ ਧਾਰਾ 120 ਬੀ ਦਾ ਵਾਧਾ ਕੀਤਾ ਗਿਆ ਹੈ। ਕੇਸ ਵਿੱਚ ਸ਼ਾਮਲ ਮੁਲਜ਼ਮਾਂ ਵਿੱਚੋਂ ਇੱਕ ਔਰਤ ਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਨੂੰ ਸੋਮਵਾਰ ਤੱਕ ਗ੍ਰਿਫ਼ਤਾਰ ਕਰ ਲਿਆ ਜਾਵੇਗਾ।