ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੂਨ
ਚੋਣ ਮੁਹਿੰਮ ਦੇ ਦੌਰਾਨ ਤਾਪਮਾਨ ਸਿੱਖਰਾਂ ਛੂਹਣ ਕਾਰਨ ਵੋਟਰਾਂ ਸਮੇਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਲਈ ਬੜਾ ਹੀ ਮੁਸ਼ਕਲ ਭਰਿਆ ਰਿਹਾ। ਪਹਿਲੀ ਜੂਨ ਨੂੰ ਜਿਉਂ ਹੀ ਵੋਟਾਂ ਦਾ ਕੰਮ ਨੇਪਰੇ ਲੱਗਦਾ ਗਿਆ, ਤਿਉਂ ਹੀ ਆਮ ਦਿਨਾ ਨਾਲ ਤਾਪਮਾਨ ’ਚ ਵੀ ਰਤਾ ਨਰਮਾਈ ਆਉਂਦੀ ਗਈ। ਪਹਿਲੀ ਜੂਨ ਦੀ ਸ਼ਾਮ ਨੂੰ ਪਟਿਆਲਾ ’ਚ ਕਿਣ ਮਣ ਕਾਣੀ ਅਤੇ ਕੁਝ ਹੋਰ ਥਾਈਂ ਮੀਂਹ ਪੈਣ ਨਾਲ ਚੱਲੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਅੱਜ 2 ਜੂਨ ਨੂੰ ਤਾਪਮਾਨ ਭਾਂਵੇਂ ਕਿ 42.6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਤਾਂ ਭਾਵੇਂ ਕਿ 2.8 ਡਿਗਰੀ ਸੈਲਸੀਅਸ ਜ਼ਿਆਦਾ ਹੀ ਰਿਹਾ ਪਰ ਇਹ ਅੰਕੜਾ ਪਿਛਲੇ ਕਈ ਦਿਨਾ ਤੱਕ ਪੈਂਦੀ ਰਹੀ ਅੱਤ ਦੀ ਗਰਮੀ ਦੇ ਮੁਕਾਬਲੇ ਤਕਰੀਬਨ 4 ਡਿਗਰੀ ਸੈਲਸੀਅਸ ਘੱਟ ਰਿਹਾ। ਪਿਛਲੇ ਦਿਨੀਂ ਇਥੋਂ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਵੀ ਅੱਪੜਦਾ ਰਿਹਾ ਹੈ। ਇਹੀ ਕਾਰਨ ਸੀ ਕਿ ਵੋਟਾਂ ਵਾਲੇ ਦਿਨ ਕੁਝ ਵੋਟਰ ਗਰਮੀ ਕਾਰਨ ਗਸ਼ ਖਾ ਕੇ ਵੀ ਡਿੱਗਦੇ ਵੇਖੇ ਗਏ, ਇਥੋਂ ਤੱਕ ਕੁਝ ਪੁਲੀਸ ਮੁਲਾਜ਼ਮਾਂ ਸਮੇਤ ਚੋਣ ਅਮਲੇ ’ਤੇ ਤਾਇਨਾਤ ਕੀਤੇ ਗਏ ਮੁਲਾਜ਼ਮਾਂ ਨੂੰ ਵੀ ਗਰਮੀ ਕਾਰਨ ਚੱਕਰ ਆਉਂਦੇ ਰਹੇ। ਅੱਜ ਦੇ ਇਸ ਤਾਪਮਾਨ ’ਤੇ ਵਿਅੰਗ ਕੱਸਦਿਆਂ ਲੋਕਾਂ ਦਾ ਕਹਿਣਾ ਹੈ,‘‘ਵੋਟਾਂ ਨੇ ਵੀ ਵਧੇਰੇ ਗਰਮਾਇਸ਼ ਕੀਤੀ ਹੋਈ ਸੀ ਤੇ ਲੋਕਾਂ ਵਿੱਚੋਂ ਵੋਟਾਂ ਦੀ ਗਰਮਾਇਸ਼ ਨਿਕਲਣ ਕਾਰਨ ਹੀ ਹੁਣ ਮੌਸਮੀ ਤਾਪਮਾਨ ਵੀ ਰਤਾ ਹੇਠਾਂ ਆਉਣ ਲੱਗਾ ਹੈ।’’ ਸੁਖਜੀਤ ਸਿੰਘ ਨਾਮ ਦੇ ਇੱਕ ਵੋਟਰ ਨੇ ਕਿਹਾ.‘‘ਅਸਲ ’ਚ ਗਰਮੀ ਨੂੰ ਗਰਮੀ ਮਾਰਦੀ ਹੈ। ਵੋਟਾਂ ਵਾਲੇ ਦਿਨ ਗਰਮੀ ਵਧੇਰੇ ਰਹੀ, ਜਿਸ ਕਰ ਕੇ ਹੀ ਇਲਾਕੇ ’ਚ ਕਿਸੇ ਨੇ ਵੀ ਕੋਈ ਲੜਾਈ ਝਗੜਾ ਨਹੀਂ ਕੀਤਾ। ਕਿਉਂਕਿ ਅੱਤ ਦੀ ਪਈ ਗਰਮੀ ਨੇ ਲੋਕਾਂ ਦੀ ਗੁੱਸੇ ਵੀ ਗਰਮੀ ਦੀ ਵੀ ਮੱਤ ਮਾਰੀਂ ਰੱਖੀ।’’ ਇਸੇ ਦੌਰਾਨ ਅੱਜ ਪਟਿਆਲਾ ਦਾ ਤਾਪਮਾਨ 42.6 ਡਿਗਰੀ ਸੈਲਸੀਅਸ ਰਹਿਣ ਕਾਰਨ ਅਭਾਵੇਂ ਕਿ ਪਿਛਲੇ ਦਿਨਾ ਨਾਲੋਂ ਤਾਂ ਰਤਾ ਗਰਮੀ ਘੱਟ ਰਹੀ, ਪਰ ਫੇਰ ਵੀ ਕਿਉਂਕਿ ਇਹ ਤਾਪਮਾਨ ਵੀ ਆਮ ਨਾਲ਼ੋਂ 2.8 ਡਿਗਰੀ ਸੈਲਸੀਅਸ ਜ਼ਿਆਦਾ ਸੀ, ਜਿਸ ਕਰਕੇ ਅੱਜ ਵੀ ਲੋਕ ਗਰਮੀ ਨਾਲ ਦੋ ਚਾਰ ਹੁੰਦੇ ਰਹੇ। ਇੱਕ ਤਾਂ ਲੋਕ ਲੋਕ ਵੋਟਾਂ ਦੇ ਥੱਕੇ ਹੋਏ ਸਨ ਤੇ ਦੂਸਰਾ ਅੱਜ ਐਤਵਾਰ ਸੀ, ਜਿਸ ਕਰ ਕੇ ਬਹੁਤੇ ਲੋਕਾਂ ਨੇ ਅੱਜ ਬਹੁਤਾ ਸਮਾਂ ਆਪਣੇ ਘਰਾਂ ’ਚ ਹੀ ਕੱਢਿਆ। ਦੁਪਹਿਰ ਵਕਤ ਤਾਂ ਸੜਕਾਂ ਵੀ ਤਕਰੀਬਨ ਸੁੰਨੀਆਂ ਹੀ ਜਾਪਦੀਆਂ ਰਹੀਆਂ।