ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਜੂਨ
ਲੋਕ ਪੰਚਾਇਤ ਦੀ ਮਾਸਿਕ ਮੀਟਿੰਗ ਰਾਣੀਆਂ ਸਥਿਤ ਨਾਮਧਾਰੀ ਗੁਰਦੁਆਰਾ ’ਚ ਜਥੇਦਾਰ ਸੇਵਾ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਾਸ ਕੀਤੇ ਗਏ ਇਕ ਮਤੇ ’ਚ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਵਿਰੁੱਧ ਹੇਠਲੇ ਪੱਧਰ ਦੀ ਬਿਆਨਬਾਜ਼ੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਣ ਵਾਲੀ ਦੱਸਿਆ ਗਿਆ। ਇਸ ਦੇ ਨਾਲ ਹੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ 4 ਜੂਨ ਬਾਅਦ ਵੇਖ ਲੈਣ ਦੀਆਂ ਦਿੱਤੀਆਂ ਧਮਕੀਆਂ ਨੂੰ ਵੀ ਉਨ੍ਹਾਂ ਦੀ ਰਾਜਨੀਤਕ ਬੁਖਲਾਹਟ ਦਾ ਸਬੂਤ ਦੱਸਿਆ ਗਿਆ। ਮਤੇ ’ਚ ਕਿਹਾ ਗਿਆ ਹੈ ਕਿ ਅਜਿਹੀ ਭਾਸ਼ਾ ਉਚੇ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਨੂੰ ਸ਼ੋਭਾ ਨਹੀਂ ਦਿੰਦੀ। ਇਕ ਹੋਰ ਮਤੇ ’ਚ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਹੜ੍ਹ ਦੇ ਮੱਦੇਨਜ਼ਰ ਓਟੂ ਝੀਲ ਤੇ ਘੱਗਰ ਦਰਿਆ ਦੇ ਵਹਾਅ ਵਾਲੇ ਏਰੀਏ ਦੀ ਖੁਦਾਈ ਕਰਵਾਈ ਜਾਏ। ਘੱਗਰ ਦੇ ਬੰਨਿਆਂ ਨੂੰ ਮਜ਼ਬੂਤ ਕੀਤਾ ਜਾਵੇ। ਰਾਜਸਥਾਨ ਦੇ ਸਾਈਫਨ ਦੀ ਸਮਰਥਾ ਦੁਗਣੀ ਕੀਤੀ ਜਾਏ। ਇਸ ਮੌਕੇ ਸੁਵਰਨ ਸਿੰਘ ਵਿਰਕ, ਸੁਖਦੇਵ ਸਿੰਘ ਕੱਕਾ, ਨਿਰਮਲ ਸਿੰਘ ਬਸਰਾ, ਗੁਰਦੀਪ ਸਿੰਘ ਗੁਰਾਇਆ ਤੇ ਹੋਰ ਹਾਜ਼ਰ ਸਨ।