ਲਖੀਮਪੁਰ, 2 ਜੂਨ
ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਢਕੂਆਖਾਨਾ ਵਿੱਚ ਇੱਕ ਠੇਕੇਦਾਰ ਅਤੇ ਸਥਾਨਕ ਭਾਜਪਾ ਆਗੂ ਦੇ ਹੱਤਿਆ ਦੇ ਸ਼ੱਕੀ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਨੂੰ ਸੌਂਪੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਖੇਤ ’ਚੋਂ ਭਾਜਪਾ ਆਗੂ ਦੀ ਅੱਧ ਸੜੀ ਲਾਸ਼ ਬਰਾਮਦ ਕੀਤੀ ਗਈ ਸੀ ਪਰ ਉਸ ਦਾ ਸਿਰ ਗਾਇਬ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਜਾਂਚ ਮੁਤਾਬਕ ਮਾਮਲੇ ਵਿਚ ਗੜਬੜੀ ਦਾ ਸ਼ੱਕ ਹੈ। ਸਰਕਾਰੀ ਠੇਕੇਦਾਰ ਅਤੇ ਭਾਜਪਾ ਦੇ ਸਥਾਨਕ ਆਗੂ ਸੁਨੀਲ ਗੋਗੋਈ ਦੀ ਲਾਸ਼ ਸ਼ਨਿਚਰਵਾਰ ਸ਼ਾਮ ਉਨ੍ਹਾਂ ਦੀ ਰਿਹਾਇਸ਼ ਦੇ ਨੇੜਲੇ ਇੱਕ ਮੈਦਾਨ ’ਚੋਂ ਮਿਲੀ ਸੀ ਜਿਸ ਦਾ ਸਿਰ ਗਾਇਬ ਸੀ ਅਤੇ ਸਰੀਰ ਅੱਧਾ ਸੜਿਆ ਹੋਇਆ ਸੀ। ਲਖੀਮਪੁਰ ਦੀ ਪੁਲੀਸ ਸੁਪਰਡੈਂਟ ਅਪਰਨਾ ਨਟਰਾਜਨ ਨੇ ਕਿਹਾ, ‘‘ਪਹਿਲੀ ਨਜ਼ਰੇ ਇਹ ਹੱਤਿਆ ਦਾ ਮਾਮਲਾ ਜਾਪਦਾ ਹੈ ਪਰ ਅਸੀਂ ਫਿਲਹਾਲ ਹੋਰ ਕੁਝ ਨਹੀਂ ਕਹਿ ਸਕਦੇ। ਜਾਂਚ ਏਜੰਸੀਆਂ ਗੁਹਾਟੀ ਤੋਂ ਆ ਰਹੀਆਂ ਹਨ ਅਤੇ ਉਸ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਵੇਗਾ।’’ ਡੀਜੀਪੀ ਜੀਪੀ ਸਿੰਘ ਨੇ ਕਿਹਾ ਕਿ ਸੀਆਈਡੀ ਅਤੇ ਫੋਰੈਂਸਿਕ ਸਾਇੰਸ ਲੈਬ ਦੀ ਇਕ ਟੀਮ ਜਾਂਚ ਅੱਗੇ ਵਧਾਉਣ ਲਈ ਢਕੂਆਖਾਨਾ ਭੇਜੀ ਗਈ ਹੈ। ਸੂਬੇ ਦੇ ਸਿੱਖਿਆ ਮੰਤਰੀ ਰਨੋਜ ਪੇਗੂ ਨੇ ਵੀ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ, ‘‘ਬੀਤੀ ਰਾਤ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਸੁਨੀਲ ਗੋਗੋਈ ਦੇ ਘਰ ਗਿਆ ਸੀ। ਉਹ ਭਾਜਪਾ ਦਾ ਦਲੇਰ ਆਗੂ ਸੀ। ਉਸ ਥਾਂ ਦਾ ਦੌਰਾ ਵੀ ਕੀਤਾ ਜਿੱਥੇ ਹੱਤਿਆ ਦੇ ਸਬੂਤ ਮਿਲੇ ਹਨ।’’ ਪੇਗੂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਮੁਲਜ਼ਮ ਗ੍ਰਿਫਤਾਰ ਕਰਨ ਲਈ ਜਾਂਚ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। -ਪੀਟੀਆਈ