ਨਵੀਂ ਦਿੱਲੀ/ਕੋਲਕਾਤਾ, 2 ਜੂਨ
ਚੋਣ ਕਮਿਸ਼ਨ ਨੇ ਬਾਰਾਸਤ ਅਤੇ ਮਥੁਰਾਪੁਰ ਲੋਕ ਸਭਾ ਹਲਕਿਆਂ ਦੇ ਇਕ-ਇਕ ਬੂਥ ’ਤੇ ਮੁੜ ਤੋਂ ਚੋਣਾਂ ਕਰਾਉਣ ਦੇ ਹੁਕਮ ਦਿੱਤੇ ਹਨ। ਇਹ ਵੋਟਾਂ ਸੋਮਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਰਿਟਰਨਿੰਗ ਅਫ਼ਸਰਾਂ ਦੀਆਂ ਰਿਪੋਰਟਾਂ ਮਗਰੋਂ ਦੋਵੇਂ ਬੂਥਾਂ ’ਤੇ ਮੁੜ ਤੋਂ ਵੋਟਿੰਗ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਧਰ ਭਾਜਪਾ ਨੇ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿਚ ਡਾਇਮੰਡ ਹਾਰਬਰ ਲੋਕ ਸਭਾ ਸੀਟ ਅਧੀਨ ਆਉਂਦੇ ਕਈ ਬੂਥਾਂ ’ਤੇ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਸ਼ਨਿੱਚਰਵਾਰ ਨੂੰ ਅੰਤਿਮ ਗੇੜ ਦੀ ਪੋਲਿੰਗ ਦੌਰਾਨ ਕਥਿਤ ਗੜਬੜੀਆਂ ਦਾ ਦਾਅਵਾ ਕੀਤਾ ਹੈ। ਭਾਜਪਾ ਆਗੂ ਸ਼ਿਸ਼ਿਰ ਬਜੋਰੀਆ ਨੇ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੂੰ ਲੰਘੇ ਦਿਨ ਲਿਖੇ ਪੱਤਰ ਵਿਚ ਕਿਹਾ ਕਿ ਪਾਰਟੀ ਦੇ ਬੂਥ ਏਜੰਟਾਂ ਨੂੰ ਪੋਲਿੰਗ ਬੂਥਾਂ ਤੋਂ ਬਾਹਰ ਕੱਢਿਆ ਗਿਆ, ਕਈ ਥਾਵਾਂ ’ਤੇ ਸੀਸੀਟੀਵੀ ਕੈਮਰਿਆਂ ਦੀ ਦਿਸ਼ਾ ਬਦਲੀ ਹੋਈ ਸੀ ਤੇ ਵੋਟਰਾਂ ਨੂੰ ਬੂਥਾਂ ’ਤੇ ਪਹੁੰਚਣ ਤੋਂ ਰੋਕਿਆ ਗਿਆ। ਪੱਤਰ ਵਿਚ ਕਿਹਾ, ‘‘ਡਾਇਮੰਡ ਹਾਰਬਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਭਿਜੀਤ ਦਾਸ (ਬੌਬੀ) ਦੀ ਤਰਫ਼ੋਂ ਅਸੀਂ ਤੁਹਾਨੂੰ ਕਈ ਬੂਥਾਂ ’ਤੇ ਮੁੜ ਮਤਦਾਨ ਕਰਵਾਉਣ ਦੀ ਅਪੀਲ ਕਰਦੇ ਹਾਂ।’’ ਜਿਨ੍ਹਾਂ ਅਸੈਂਬਲੀ ਹਲਕਿਆਂ ਵਿਚ ਮੁੜ ਮਤਦਾਨ ਕਰਵਾਉਣ ਦੀ ਮੰਗ ਕੀਤੀ ਗਈ ਹੈ, ਉਨ੍ਹਾਂ ਵਿਚ ਬਜ ਬਜ, ਫਾਲਤਾ, ਮਹੇਸ਼ਤਾਲਾ, ਡਾਇਮੰਡ ਹਾਰਬਰ, ਬਿਸ਼ਨੂਪਰ, ਸਤਗਾਚੀਆ ਤੇ ਮੇਤੀਆਬਰੱਜ਼ ਸ਼ਾਮਲ ਹਨ। ਮੌਜੂਦਾ ਟੀਐੱਮਸੀ ਐੱਮਪੀ ਅਭਿਸ਼ੇਕ ਬੈਨਰਜੀ ਨੇ ਵੀ ਡਾਇਮੰਡ ਹਾਰਬਰ ਤੋਂ ਮੁੜ ਮਤਦਾਨ ਕਰਵਾਉਣ ਦੀ ਮੰਗ ਕੀਤੀ ਸੀ। -ਪੀਟੀਆਈ