ਪੱਤਰ ਪ੍ਰੇਰਕ
ਮਾਨਸਾ, 2 ਜੂਨ
ਲੋਕ ਸਭਾ ਚੋਣਾਂ ਲਈ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਗਿਣਤੀ ਲਈ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇਨ੍ਹਾਂ ਪਾਰਟੀ ਆਗੂਆਂ ਨੂੰ ਗਿਣਤੀ ਕੇਂਦਰ ਵਿਚ ਪੁੱਜਣ ਲਈ ਪਾਸ ਜਾਰੀ ਹੋ ਗਏ ਹਨ ਅਤੇ ਇਨ੍ਹਾਂ ਨੇ 8 ਵਜੇ ਗਿਣਤੀ ਆਰੰਭ ਹੋਣ ਤੋਂ ਇਕ ਘੰਟਾ ਪਹਿਲਾਂ ਪੁੱਜਣ ਦੇ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਹੋ ਗਏ ਹਨ। ਬਠਿੰਡਾ ਸੀਟ ਉਪਰ ਕਾਂਗਰਸ, ਅਕਾਲੀ ਦਲ (ਬਾਦਲ), ਭਾਜਪਾ, ਆਪ, ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਰੇ ਟੇਬਲਾਂ ਉਪਰ ਬੈਠਣ ਵਾਲੇ ਆਪਣੇ ਆਗੂਆਂ ਦੀ ਸੂਚੀ ਪ੍ਰਸ਼ਾਸਨ ਨੂੰ ਭੇਜਕੇ ਪਾਸ ਹਾਸਲ ਕਰ ਲਏ ਹਨ ਜਦਕਿ ਕਈ ਉਮੀਦਵਾਰਾਂ ਵੱਲੋਂ ਟੇਬਲਾਂ ਉਪਰ ਪੂਰੇ ਵਰਕਰ ਵੀ ਗਿਣਤੀ ਵਿਚ ਨਹੀਂ ਭੇਜੇ ਜਾ ਰਹੇ ਹਨ। ਐਤਕੀਂ ਪਹਿਲੀ ਵਾਰ ਪੂਰੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਬਠਿੰਡਾ ਵਿਚ ਹੋਣ ਜਾ ਹੀ ਹੈ ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਆਪੋ-ਆਪਣੇ ਪੋਲਿੰਗ ਏਜੰਟਾਂ ਨੂੰ ਬਠਿੰਡਾ ਲਿਜਾਣ ਲਈ ਬੰਦੋਬਸਤ ਅੱਜ ਦੀ ਮੁਕੰਮਲ ਕਰ ਲਏ ਗਏ ਹਨ। ਇਥੇ ਜਿਕਰਯੋਗ ਹੈ ਕਿ 1 ਜੂਨ ਨੂੰ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਪੂਰੇ ਦੇਸ਼ ਭਰ ਵਿਚ ਆਰੰਭ ਹੋ ਰਹੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਈ.ਵੀ.ਐਮਜ਼. ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਚ ਬਣੇ ਸਟਰੌਂਗ ਰੂਮਾਂ ਵਿੱਚ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਪਹਿਲੀ ਵਾਰ ਬਠਿੰਡਾ ਵਿਖੇ ਕਰਵਾਈ ਜਾਵੇਗੀ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਤਿੰਨ ਪੜਾਵੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਜਿਸ ਵਿਚ ਸੀਆਰਪੀਐੱਫ ਪੰਜਾਬ ਪੁਲੀਸ ਅਤੇ ਪੀਏਪੀ ਦੇ ਜਵਾਨ ਸ਼ਾਮਲ ਹਨ। ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਸਮੂਹ ਅਧਿਕਾਰੀਆਂ ਸਮੇਤ ਕਾਊਂਟਿੰਗ ਸੈਂਟਰ ਦਾ ਦੌਰਾ ਕੀਤਾ ਅਤੇ ਸਟਰੌਂਗ ਰੂਮ ਵਿੱਚ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ।