ਡੱਲਾਸ, 2 ਜੂਨ
ਆਰੋਨ ਜੋਨਸ ਦੀ 40 ਗੇਂਦਾਂ ’ਤੇ 94 ਦੌੜਾਂ ਦੀ ਤੇਜ਼ਤਰਾਰ ਪਾਰੀ ਸਦਕਾ ਸਹਿ-ਮੇਜ਼ਬਾਨ ਅਮਰੀਕਾ ਨੇ ਟੀ-20 ਵਿਸ਼ਵ ਕੱਪ ਦੇ ਉਦਘਾਟਨੀ ਮੈਚ ’ਚ ਕੈਨੇਡਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਵਨੀਤ ਧਾਲੀਵਾਲ ਤੇ ਨਿਕੋਲਸ ਕਿਰਟੌਨ ਦੇ ਨੀਮ ਸੈਂਕੜਿਆਂ ਸਦਕਾ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਟੀਮ ਵੱਲੋਂ ਆਰੋਨ ਜੌਹਨਸਨ ਨੇ 23, ਸ਼੍ਰੇਅਸ ਮੋਵਾ ਨੇ 32 ਤੇ ਦਿਲਪ੍ਰੀਤ ਸਿੰਘ ਨੇ 11 ਦੌੜਾਂ ਬਣਾਈਆਂ। ਅਮਰੀਕਾ ਵੱਲੋਂ ਅਲੀ ਖ਼ਾਨ, ਹਰਮੀਤ ਸਿੰਘ ਤੇ ਸੀ.ਜੇ. ਐਂਡਰਸਨ ਨੇ ਇੱਕ-ਇੱਕ ਵਿਕਟ ਲਈ।
ਇਸ ਮਗਰੋਂ ਅਮਰੀਕਾ ਦੀ ਟੀਮ ਨੇ ਐਂਡਰੀਜ਼ ਗੌਸ ਦੀਆਂ 65 ਦੌੜਾਂ ਤੇ ਜੋਨਸ ਦੀ ਤੂਫ਼ਾਨੀ ਪਾਰੀ ਸਦਕਾ ਜਿੱਤ ਲਈ 195 ਦੌੜਾਂ ਦਾ ਟੀਚਾ 17.5 ਓਵਰਾਂ ’ਚ ਹੀ ਹਾਸਲ ਕਰ ਲਿਆ। ਆਰੋਨ ਜੋਨਸ ਨੇ ਆਪਣੀ ਪਾਰੀ ’ਚ 4 ਚੌਕੇ ਤੇ 10 ਛੱਕੇ ਲਗਾਏ ਜਦਕਿ ਗੌਸ ਨੇ 42 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਅਤੇ ਤਿੰਨ ਛੱਕੇ ਜੜੇ। ਕਪਤਾਨ ਮੋਨਾਕ ਪਟੇਲ ਨੇ ਟੀਮ ਦੀ ਜਿੱਤ ’ਚ 16 ਦੌੜਾਂ ਦਾ ਯੋਗਦਾਨ ਪਾਇਆ। ਕੈਨੇਡਾ ਵੱਲੋਂ ਕਲੀਮ ਸਨਾ, ਡਿਲੌਨ ਹੇਲਿਗਰ ਅਤੇ ਨਿਖਿਲ ਦੱਤਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। -ਪੀਟੀਆਈ