ਹੁਸ਼ਿਆਰਪੁਰ: ਸਾਬਕਾ ਵਿਧਾਨਕਾਰ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ 40ਵੀਂ ਬਰਸੀ ਮੌਕੇ ਅੱਜ ਇੱਥੇ ਅਖਬਾਰਾਂ ਵੇਚਣ ਵਾਲੇ 10 ਅਜਿਹੇ ਹੋਣਹਾਰ ਹਾਕਰ ਬੱਚਿਆਂ ਨੂੰ ਜੋ ਕੰਮ ਦੇ ਨਾਲ-ਨਾਲ ਸਕੂਲ, ਕਾਲਜ ਵਿਚ ਪੜ੍ਹਦੇ ਵੀ ਹਨ, ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਾਲ 2024-25 ਲਈ ਬਤੌਰ ਸਕਾਲਰਸ਼ਿਪ ਦੇਣ ਲਈ ਚੁਣਿਆ ਗਿਆ। ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੇ ਪੁੱਤਰ ਡਾ. ਅਜੇ ਬੱਗਾ ਨੇ ਕਿਹਾ ਕਿ ਗਰੀਬੀ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ 1947 ’ਚ ਦੇਸ਼ ਦੀ ਅਜ਼ਾਦੀ ਵੇਲੇ ਗੁੱਜਰਾਂਵਾਲਾ ਪਾਕਿਸਤਾਨ ਤੋਂ ਆਏ ਸਨ। ਰਫਿਊਜ਼ੀ ਕੈਂਪ ’ਚ ਰਹਿ ਕੇ ਪ੍ਰਿੰਸੀਪਲ ਬੱਗਾ ਸਵੇਰੇ ਅਖਬਾਰਾਂ ਵੇਚਣ ਉਪਰੰਤ ਕਾਲਜ ’ਚ ਪੜ੍ਹਣ ਜਾਂਦੇ ਸਨ। ਡਾ. ਬੱਗਾ ਨੇ ਕਿਹਾ ਕਿ ਜ਼ਿੰਦਗੀ ਵਿਚ ਗਰੀਬੀ ਤੋਂ ਬਾਹਰ ਨਿਕਲਣ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਸਿਖਿਆ ਪ੍ਰਾਪਤ ਕਰਨਾ ਹੈ। -ਪੱਤਰ ਪ੍ਰੇਰਕ