ਮਿਹਰ ਸਿੰਘ/ਚਰਨਜੀਤ ਸਿੰਘ ਚੰਨੀ
ਕੁਰਾਲੀ/ਮੁੱਲਾਂਪੁਰ ਗਰੀਬਦਾਸ, 2 ਜੂਨ
ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਰੱਖਣ ਵਾਲੇ ਟਾਂਡਾ ਪਿੰਡ ਦੇ ਵਸਨੀਕਾਂ ਨੇ ਕੁਝ ਸੱਤਾਧਾਰੀ ਧਿਰ ਦੇ ਵਿਅਕਤੀਆਂ ਵੱਲੋਂ ਵੋਟਾਂ ਨਾ ਪਾਉਣ ਨੂੰ ਲੈ ਕੇ ਕਥਿਤ ਤੌਰ ’ਤੇ ਧਮਕਾਉਣ ਦੇ ਮੁੱਦੇ ’ਤੇ ਅੱਜ ਰੋਸ ਪ੍ਰਦਰਸ਼ਨ ਕੀਤਾ। ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਮੰਗਾਂ ਮੰਨੇ ਜਾਣ ਤੱਕ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਦਾ ਬਾਈਕਾਟ ਜਾਰੀ ਰੱਖਣ ਅਤੇ ਆਪਣੇ ਵੋਟਰ ਕਾਰਡ ਸਰਕਾਰ ਕੋਲ ਜਮ੍ਹਾਂ ਕਰਵਾਉਣ ਦਾ ਐਲਾਨ ਕੀਤਾ।
ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸੇ ਪਿੰਡ ਟਾਂਡਾ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਸਹੂਲਤਾਂ ਦੀ ਘਾਟ ਅਤੇ ਸਰਕਾਰਾਂ ਦੀ ਅਣਦੇਖੀ ਕਾਰਨ ਉਨ੍ਹਾਂ ਦੇ ਪਿੰਡ ਨੇ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਅਤੇ ਪਿੰਡ ਦੇ ਇੱਕ ਵੀ ਵਸਨੀਕ ਨੇ ਵੋਟ ਨਹੀਂ ਪਾਈ। ਸਤਨਾਮ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ’ਤੇ ਵੋਟਾਂ ਪਾਉਣ ਲਈ ਦਬਾਅ ਪਾਇਆ ਗਿਆ ਅਤੇ ਹੁਣ ਕਥਿਤ ਤੌਰ ’ਤੇ ਧਮਕਾਇਆ ਜਾ ਰਿਹਾ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਦੀ ਸੜਕ ਤੇ ਸਕੂਲ ਅਪਗ੍ਰੇਡ ਦੇ ਐਲਾਨ ਹੀ ਰਹਿ ਗਏ। ਦੋਵੇਂ ਕੰਮ ਸਿਰੇ ਨਹੀਂ ਚੜ੍ਹੇ। ਇਸ ਤੋਂ ਇਲਾਵਾ ਡਿਸਪੈਂਸਰੀ, ਪੁਲ, ਪੀਣ ਵਾਲੇ ਪਾਣੀ ਜਿਹੀਆਂ ਮੁੱਢਲੀਆਂ ਸਹੂਲਤਾਂ ਨੂੰ ਉਹ ਦਹਾਕਿਆਂ ਤੋਂ ਤਰਸ ਰਹੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਹੁੰਚ ਰੱਖਣ ਵਾਲੇ ਲੋਕ ਉਨ੍ਹਾਂ ਨੂੰ ਇਲਾਕੇ ’ਚੋਂ ਕੱਢ ਕੇ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਮਹਿੰਗੇ ਫਾਰਮ ਹਾਊਸ ਬਣਾਉਣਾ ਚਾਹੁੰਦੇ ਹਨ। ਇਸ ਲਈ ਹੀ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਪਿੰਡ ਨੂੰ ਸੜਕ, ਸਕੂਲ, ਸਿਹਤ ਸੁਵਿਧਾ ਤੇ ਪੀਣ ਲਈ ਪਾਣੀ ਆਦਿ ਦੀਆਂ ਸਹੂਲਤਾਂ ਮਿਲਣ ਤੱਕ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਦਾ ਬਾਈਕਾਟ ਜਾਰੀ ਰਹੇਗਾ। ਲੋੜ ਪਈ ਤਾਂ ਰੋਸ ਵਜੋਂ ਉਹ ਆਪਣੇ ਵੋਟਰ ਕਾਰਡ ਵੀ ਸਰਕਾਰ ਕੋਲ ਜਮ੍ਹਾਂ ਕਰਵਾਉਣਗੇ।
ਲੋਕ ਹਿੱਤ ਮਿਸ਼ਨ ਵੱਲੋਂ ਪਿੰਡ ਵਾਸੀਆਂ ਦਾ ਸਮਰਥਨ
ਸਮਾਜ ਸੇਵੀ ਸੰਸਥਾ ਲੋਕ ਹਿੱਤ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਪਰਮਜੀਤ ਸਿੰਘ ਪੰਮੀ ਮਾਵੀ, ਸਰਪੰਚ ਹਰਜੀਤ ਸਿੰਘ ਢਕੋਰਾਂ, ਗੁਰਦੀਪ ਸਿੰਘ ਮਹਿਰਮਪੁਰ ਅਤੇ ਦਵਿੰਦਰ ਸਿੰਘ ਪੜੌਲ ਨੇ ਘਾੜ ਖੇਤਰ ਦੇ ਲੋਕਾਂ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਪਿੰਡ ਵਾਸੀਆਂ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ ਹੈ।