ਨਵੀਂ ਦਿੱਲੀ, 2 ਜੂਨ
ਦਿੱਲੀ ਪੁਲੀਸ ਨੇ ਜਨਵਰੀ ਤੋਂ 15 ਮਈ ਤੱਕ ਨਾਬਾਲਗ ਵੱਲੋਂ ਵਾਹਨ ਚਲਾਉਣ ਨਾਲ ਜੁੜੇ ਅਪਰਾਧਾਂ ਦੇ ਵੱਖ-ਵੱਖ ਮਾਮਲਿਆ ਵਿੱਚ 101 ਚਲਾਨ ਕੀਤੇ ਹਨ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ਦਿੱਲੀ ਟਰੈਫਿਕ ਪੁਲੀਸ ਦੇ ਅੰਕੜਿਆਂ ਅਨੁਸਾਰ 2023 ਵਿੱਚ ਇਸੇ ਸਮੇਂ ਦੌਰਾਨ ਕੁੱਲ 15 ਚਲਾਨ ਜਾਰੀ ਕੀਤੇ ਗਏ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਇਸ ਸਾਲ ਲਗਪਗ 573 ਫੀਸਦ ਦਾ ਵਾਧਾ ਹੋਇਆ ਹੈ। ਟਰੈਫਿਕ ਪੁਲੀਸ ਅਨੁਸਾਰ ਉਨ੍ਹਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਰਣਨੀਤਕ ਉਪਾਅ ਕੀਤੇ ਹਨ। ਇਨ੍ਹਾਂ ਉਪਾਵਾਂ ਵਿੱਚ ਨਿਗਰਾਨੀ ਵਧਾਉਣਾ, ਮੁੱਖ ਸਥਾਨਾਂ ’ਤੇ ਵਾਧੂ ਕਰਮਚਾਰੀਆਂ ਦੀ ਤਾਇਨਾਤੀ ਅਤੇ ਉਨ੍ਹਾਂ ਖੇਤਰਾਂ ਵਿੱਚ ਗਸ਼ਤ ਵਧਾਉਣਾ ਸ਼ਾਮਲ ਹੈ ਜਿੱਥੇ ਨਾਬਾਲਗਾਂ ਵੱਲੋਂ ਟਰੈਫਿਕ ਨਿਯਮਾਂ ਦੀ ਅਕਸਰ ਉਲੰਘਣਾ ਕੀਤੀ ਜਾਂਦੀ ਹੈ। ਅਧਿਕਾਰੀ ਨੇ ਕਿਹਾ, ‘‘ਅਸੀਂ ਸਕੂਲਾਂ ਅਤੇ ਕਮਿਊਨਿਟੀ ਪੱਧਰ ’ਤੇ ਜਾਗਰੂਕਤਾ ਮੁਹਿੰਮਾਂ ਚਲਾ ਰਹੇ ਹਾਂ ਤਾਂ ਜੋ ਮਾਤਾ-ਪਿਤਾ ਨੂੰ ਨਾਬਾਲਗਾਂ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਦੇਣ ਦੇ ਕਾਨੂੰਨੀ ਅਤੇ ਸੁਰੱਖਿਆ ਪ੍ਰਭਾਵਾਂ ਬਾਰੇ ਸਿੱਖਿਅਤ ਕੀਤਾ ਜਾ ਸਕੇ।’’ -ਪੀਟੀਆਈ
ਸਟੰਟ ਕਰਦੇ ਸੱਤ ਨੌਜਵਾਨ ਗ੍ਰਿਫ਼ਤਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਬੀਤੀ ਰਾਤ ਗਸ਼ਤ ਦੌਰਾਨ ਮੋਟਰਸਾਈਕਲਾਂ ’ਤੇ ਸਟੰਟ ਕਰਦੇ ਸੱਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਬਾਬਾ ਖੜਕ ਸਿੰਘ ਮਾਰਗ ’ਤੇ ਸਟੰਟ ਕਰਦੇ ਉਨ੍ਹਾਂ ਨੌਜਵਾਨਾਂ ਦੀਆਂ ਕੀਤੀਆਂ ਗਈਆਂ ਹਨ ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਰਾਤਾਂ ਨੂੰ ਸੜਕਾਂ ਉੱਪਰ ਸਟੰਟ ਕਰਦੇ ਹਨ। ਇਸ ਤਰ੍ਹਾਂ ਦੇ ਸਟੰਟ ਕਰਦੇ ਨੌਜਵਾਨਾਂ ਦੀ ਵੀਡੀਓ ਕਲਿੱਪ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਨਿਯਮਾਂ ਦੇ ਉਲਟ ਜਾ ਕੇ ਸੜਕ ਦੇ ਕਿਨਾਰੇ ਗ੍ਰੀਨ ਪੱਟੀਆਂ ਦੇ ਉੱਪਰੋਂ ਦੀ ਟੱਪਦੇ ਨਜ਼ਰ ਆਉਂਦੇ ਹਨ ਤੇ ਮਗਰੋਂ ਡਿੱਗ ਪੈਂਦੇ ਹਨ।