ਮੁੰਬਈ, 3 ਜੂਨ
ਬੌਲੀਵੁਡ ਅਦਾਕਾਰ ਸਲਮਾਨ ਖਾਨ ਨੂੰ ਧਮਕੀਆਂ ਦੇਣ ਦੇ ਮੱਦੇਨਜ਼ਰ ਆਰੰਭੀ ਜਾਂਚ ਦੌਰਾਨ ਮੁੰਬਈ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦੇ ਮੈਂਬਰ ਸਲਮਾਨ ਖਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਨਾਬਾਲਗਾਂ ਨੂੰ ਵਰਤ ਰਹੇ ਹਨ। ਨਵੀਂ ਮੁੰਬਈ ਪੁਲੀਸ ਨੇ ਆਪਣੀ ਜਾਂਚ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਅਜੈ ਕਸ਼ਯਪ ਅਤੇ ਇੱਕ ਹੋਰ ਦਰਮਿਆਨ ਹੋਈ ਵੀਡੀਓ ਕਾਲ ਦਾ ਖੁਲਾਸਾ ਕਰਦੇ ਹੋਏ ਅਦਾਕਾਰ ਨੂੰ ਮਾਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਸ ਗੱਲਬਾਤ ਅਨੁਸਾਰ ਆਧੁਨਿਕ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਸ਼ਾਰਪਸ਼ੂਟਰਾਂ ਨੂੰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਹੁਕਮਾਂ ਤਹਿਤ ਮੁੰਬਈ, ਠਾਣੇ, ਨਵੀਂ ਮੁੰਬਈ, ਪੁਣੇ, ਰਾਏਗੜ੍ਹ ਅਤੇ ਗੁਜਰਾਤ ਵਿੱਚ ਤਾਇਨਾਤ ਕੀਤਾ ਗਿਆ ਸੀ। ਐਫਆਈਆਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਨੇ ਸ਼ਾਰਪਸ਼ੂਟਰ ਅਨਮੋਲ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਨੂੰ ਹਮਲੇ ਨੂੰ ਅੰਜਾਮ ਦੇਣ ਲਈ ਨਿਰਦੇਸ਼ ਦਿੱਤੇ ਸਨ ਤੇ ਇਹ ਕੰਮ ਨਾਬਾਲਗਾਂ ਕੋਲੋਂ ਕਰਵਾਉਣ ਲਈ ਕਿਹਾ ਸੀ। ਇਨ੍ਹਾਂ ਨੇ ਜੌਹਨ ਨੂੰ ਇਸ ਅਪਰੇਸ਼ਨ ਤਹਿਤ ਵਾਹਨ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਸੀ। ਹਮਲਾ ਕਰਨ ਤੋਂ ਬਾਅਦ ਗਰੋਹ ਦੇ ਮੈਂਬਰਾਂ ਨੇ ਕੰਨਿਆਕੁਮਾਰੀ ਵਿਚ ਇਕੱਠੇ ਹੋਣਾ ਸੀ ਅਤੇ ਫਿਰ ਸਮੁੰਦਰੀ ਰਸਤੇ ਸ੍ਰੀਲੰਕਾ ਜਾਣਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉੱਥੋਂ ਉਨ੍ਹਾਂ ਨੂੰ ਗੈਂਗਸਟਰ ਅਨਮੋਲ ਬਿਸ਼ਨੋਈ ਨਾਲ ਦੂਜੇ ਦੇਸ਼ਾਂ ’ਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਸੀ। ਪੁਲੀਸ ਅਨੁਸਾਰ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਗਰੋਹ ਨੇ ਸਲਮਾਨ ਖਾਨ ਦੀ ਬਾਂਦਰਾ ਰਿਹਾਇਸ਼, ਪਨਵੇਲ ਫਾਰਮ ਹਾਊਸ ਅਤੇ ਫਿਲਮ ਦੇ ਸ਼ੂਟਿੰਗ ਸਥਾਨਾਂ ’ਤੇ ਰੇਕੀ ਕਰਨ ਲਈ 60 ਤੋਂ 70 ਮੈਂਬਰਾਂ ਨੂੰ ਤਾਇਨਾਤ ਕੀਤਾ ਸੀ।