ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੂਨ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਸਰੀ (ਕੈਨੇਡਾ) ਵਸਦੇ ਪੰਜਾਬੀ ਲੇਖਕ ਮੋਹਨ ਗਿੱਲ ਦੀ ਪੁਸਤਕ ‘ਰੂਹ ਦਾ ਸਾਲਣੁ’ ਰਿਲੀਜ਼ ਕੀਤੀ ਗਈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਐੱਸਪੀ ਸਿੰਘ, ਚੇਅਰਮੈਨ ਵਿਸ਼ਵ ਪੰਜਾਬੀ ਸਭਾ ਡਾ. ਦਲਬੀਰ ਸਿੰਘ ਕਥੂਰੀਆ, ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰਚਰਨ ਕੌਰ ਕੋਚਰ, ਹਰਸ਼ਰਨ ਸਿੰਘ ਤੇ ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਮੌਜੂਦ ਸਨ। ਸਮਾਗਮ ਦੌਰਾਨ ਦਲਬੀਰ ਸਿੰਘ ਕਥੂਰੀਆ ਨਾਲ ਕਰਵਾਏ ਰੂ-ਬ-ਰੂ ਸਮਾਗਮ ਵਿੱਚ ਮੁਢਲੇ ਦੌਰ ਦੇ ਪਰਵਾਸੀ ਪੰਜਾਬੀ ਸਾਹਿਤ ਦੀ ਸਾਂਭ-ਸੰਭਾਲ, ਪਰਵਾਸੀ ਪੰਜਾਬੀ ਸਾਹਿਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਨਿੱਠ ਕੇ ਚਰਚਾ ਹੋਈ। ਡਾ. ਐੱਸਪੀ ਸਿੰਘ ਨੇ ਕਿਹਾ ਕਿ ਗੁਜਰਾਂਵਾਲਾ ਦੇ ਜੰਮਪਾਲ ਅਤੇ ਥਾਈਲੈਂਡ (ਸਿਆਮ) ਵਾਸੀ ਅਭੈ ਸਿੰਘ ਦੀ ਪੁਸਤਕ ‘ਚੰਬੇ ਦੀਆਂ ਕਲੀਆਂ’, ਗਿਆਨੀ ਕੇਸਰ ਸਿੰਘ ਦੀ ਪੁਸਤਕ ‘ਕਾਮਾਗਾਟਾ ਮਾਰੂ ਐਂਡ ਸਿੱਖਸ’, ਪ੍ਰੋਫੈਸਰ ਦੀਦਾਰ ਸਿੰਘ ਦੀ ਪੁਸਤਕ ‘ਲੂਣਾ’ ਹੁਣ ਉਪਲੱਬਧ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸੰਸਥਾਵਾਂ ਅਜਿਹੀਆਂ ਮੁੱਲਵਾਨ ਪੁਸਤਕਾਂ ਨੂੰ ਪ੍ਰਾਪਤ ਕਰਕੇ ਆਪਣੀਆਂ ਲਾਈਬ੍ਰੇਰੀਆਂ ਵਿੱਚ ਸੰਭਾਲ ਕੇ ਰੱਖਣ। ਇਹ ਸਾਡੇ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਖਜ਼ਾਨਾ ਹਨ। ਡਾ. ਕਥੂਰੀਆ ਨੇ ਵਿਸ਼ਵ ਪੰਜਾਬੀ ਸਭਾ ਦੀਆਂ ਸਾਹਿਤਿਕ ਸਰਗਰਮੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰੋਫੈਸਰ ਗੁਰਭਜਨ ਗਿੱਲ ਨੇ ਸ੍ਰੀ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ) ਬਾਰੇ, ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀ ਜੀਵਨੀ ਬਾਰੇ , ਕਾਮਾਗਾਟਾਮਾਰੂ ਸ਼ਬਦ ਦੀਆਂ ਜੜ੍ਹਾਂ ਬਾਰੇ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਭਾਈ ਭਾਗ ਸਿੰਘ, ਗਦਰ ਪਾਰਟੀ ਦੇਸ਼ ਭਗਤ ਬੀਬੀ ਗੁਲਾਬ ਕੌਰ, ਕਰਤਾਰ ਸਿੰਘ ਸਰਾਭਾ ਅਤੇ ਉਸਦੇ ਛੇ ਹੋਰ ਸ਼ਹੀਦ ਸਾਥੀਆਂ ਬਾਰੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਕੌਂਸਲ ਦੇ ਸਕੱਤਰ ਹਰਸ਼ਰਨ ਸਿੰਘ ਨਰੂਲਾ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਸ਼ਾਇਰ ਤ੍ਰੈਲੋਚਨ ਲੋਚੀ, ਬਲਬੀਰ ਕੌਰ, ਕੰਵਲਜੀਤ ਸਿੰਘ ਲੱਕੀ, ਪ੍ਰੋਫੈਸਰ ਸ਼ਰਨਜੀਤ ਕੌਰ, ਤਜਿੰਦਰ ਕੌਰ, ਡਾ. ਦਲੀਪ ਸਿੰਘ ਆਦਿ ਹਾਜ਼ਰ ਸਨ।